ਨਵੀਂ ਦਿੱਲੀ,  ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਕਤਲ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮਸ਼ਕੂਕ ਨੂੰ ਉੱਤਰ ਪ੍ਰਦੇਸ਼ ’ਚੋਂ ਗ੍ਰਿਫ਼ਤਾਰ ਕੀਤਾ ਹੈ। ਭਗੌੜੇ ਪਰਵੇਜ਼ ਉਰਫ਼ ਫਾਰੂ ਨੂੰ ਬੀਤੀ ਰਾਤ ਮੇਰਠ ਦੇ ਕੋਤਵਾਲੀ ਖੇਤਰ ਵਿਚਲੇ ਉਸ ਦੇ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਨੇ ਮੁਲਜ਼ਮ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਇਕ ਰੋਜ਼ਾ ਰਿਮਾਂਡ ਹਾਸਲ ਕਰ ਲਿਆ। ਸੰਘ ਆਗੂ ਗੋਸਾਈਂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਲੁਧਿਆਣਾ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਏਜੰਸੀ ਦੇ ਤਰਜਮਾਨ ਨੇ ਕਿਹਾ, ‘ਪਰਵੇਜ਼, ਗੋਸਾਈਂ ਕਤਲ ਮਾਮਲੇ ਸਮੇਤ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ’ਚ ਮੁੱਖ ਮੁਲਜ਼ਮ ਹਰਦੀਪ ਸਿੰਘ ਉਰਫ਼ ਸ਼ੇਰਾ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ ’ਚ ਲੋੜੀਂਦਾ ਸੀ।’ ਕੇਸ ਦੀ ਜਾਂਚ ਦੌਰਾਨ ਪਰਵੇਜ਼ ਗਿਆਰਵਾਂ ਸ਼ਖ਼ਸ ਹੈ ਜਿਸ ਨੂੰ ਏਜੰਸੀ ਨੇ ਹਿਰਾਸਤ ਵਿੱਚ ਲਿਆ ਹੈ। ਪਰਵੇਜ਼ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇਕ ਦਿਨ ਲਈ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ। ਤਰਜਮਾਨ ਨੇ ਕਿਹਾ ਕਿ ਪਰਵੇਜ਼ ਵੱਲੋਂ ਸਪਲਾਈ ਕੀਤੇ ਹਥਿਆਰਾਂ ਨੂੰ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੇ ਹਾਲਾਤ ਨੂੰ ਅਸਥਿਰ ਕਰਨ ਤੇ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਲਈ ਕੀਤੀਆਂ ਅੱਠ ਵਾਰਦਾਤਾਂ ਸਮੇਤ ਹੋਰ ਕਈ ਮਾਮਲਿਆਂ ’ਚ ਵਰਤਿਆ ਗਿਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਦੋ ਅਣਪਛਾਤਿਆਂ ਨੇ ਲੁਧਿਆਣਾ ਆਰਐਸਅੇਸ ਦੀ ਸ਼ਾਖਾ ਰਘੂਨਾਥ ਨਗਰ ਦੇ ਮੁਖੀ ਗੋਸਾਈਂ ਨੂੰ ਘਰ ਦੇ ਬਾਹਰ ਬੈਠੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਮਗਰੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦਾ ਐਲਾਨ ਕੀਤਾ ਸੀ।