ਮਾਸਕੋ, ਡੈਨਮਾਰਕ ਨੇ ਵਿਸ਼ਵ ਕੱਪ ਦੇ ਗਰੁੱਪ ‘ਸੀ’ ਮੈਚ ਵਿੱਚ ਅੱਜ ਇੱਥੇ ਪਹਿਲਾਂ ਹੀ ਨਾਕਆਊਟ ਵਿੱਚ ਪਹੁੰਚ ਚੁੱਕੇ ਫਰਾਂਸ ਨਾਲ ਗੋਲ ਰਹਿਤ ਡਰਾਅ ਖੇਡ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਫਰਾਂਸ ਅਤੇ ਡੈਨਮਾਰਕ ਵਿਚਾਲੇ ਲੁਜ਼ਨਿਕੀ ਸਟੇਡੀਅਮ ਵਿੱਚ ਖੇਡਿਆ ਗਿਆ ਇਹ ਮੈਚ ਮੌਜੂਦਾ ਵਿਸ਼ਵ ਕੱਪ ਦਾ ਪਹਿਲਾ ਗੋਲ ਰਹਿਤ ਡਰਾਅ ਹੈ। ਫਰਾਂਸ ਦੀ ਟੀਮ ਇਸ ਦੇ ਨਾਲ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਅਤੇ ਇੱਕ ਡਰਾਅ ਨਾਲ ਸੱਤ ਅੰਕ ਲੈ ਕੇ ਚੋਟੀ ’ਤੇ ਰਹੀ। ਡੈਨਮਾਰਕ ਨੇ ਤਿੰਨ ਮੈਚਾਂ ਵਿੱਚ ਇੱਕ ਜਿੱਤ ਅਤੇ ਦੋ ਡਰਾਅ ਨਾਲ ਪੰਜ ਅੰਕ ਲੈ ਕੇ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਨਾਕਆਊਟ ਵਿੱਚ ਥਾਂ ਬਣਾਈ। ਇਸ ਗਰੁੱਪ ਤੋਂ ਆਸਟਰੇਲੀਆ ਅਤੇ ਪੇਰੂ ਦੀ ਟੀਮ ਬਾਹਰ ਹੋ ਗਈ ਹੈ। ਪੇਰੂ ਦੇ ਤਿੰਨ, ਜਦਕਿ ਆਸਟਰੇਲੀਆ ਦਾ ਇੱਕ ਅੰਕ ਰਿਹਾ। ਹੁਣ ਫਰਾਂਸ ਦਾ ਸਾਹਮਣਾ 30 ਜੂਨ ਨੂੰ ਗਰੁੱਪ ‘ਡੀ’ ਦੇ ਉਪ ਜੇਤੂ ਨਾਲ ਹੋਵੇਗਾ, ਜਦਕਿ ਡੈਨਮਾਰਕ ਦੀ ਟੀਮ ਇਸ ਦੇ ਅਗਲੇ ਦਿਨ ਪਹਿਲੀ ਜੁਲਾਈ ਨੂੰ ਗਰੁੱਪ ‘ਡੀ’ ਦੇ ਜੇਤੂ ਨਾਲ ਭਿੜੇਗੀ। ਪਹਿਲਾਂ ਹੀ ਨਾਕਆਊਟ ਵਿੱਚ ਥਾਂ ਬਣਾਉਣ ਕਾਰਨ ਬਿਨਾਂ ਕਿਸੇ ਦਬਾਅ ਦੇ ਖੇਡ ਰਹੀ ਫਰਾਂਸ ਦੀ ਟੀਮ ਨੇ ਬਿਹਤਰੀਨ ਸ਼ੁਰੂਆਤ ਕੀਤੀ। ਟੀਮ ਨੇ ਸ਼ੁਰੂਆਤੀ ਟੀਮ ਵਿੱਚ ਛੇ ਬਦਲਾਅ ਕੀਤੇ ਅਤੇ ਪਾਲ ਪੋਗਬਾ ਅਤੇ ਨੋਬਿਲ ਫੇਕਿਰ ਵਰਗੇ ਆਪਣੇ ਅਹਿਮ ਖਿਡਾਰੀਆਂ ਤੋਂ ਬਿਨਾਂ ਉਤਰੀ। ਰਾਈਟ ਬੈਕ ਜ਼ਿਬਰਿਲ ਸਿਦਿਬੇ ਨੇ ਚੰਗਾ ਮੌਕਾ ਬਣਾਇਆ, ਪਰ ਉਸ ਦੇ ਪਾਸ ਨੂੰ ਡੈਨਮਾਰਕ ਦੇ ਡਿਫੈਂਡਰ ਨੇ ਆਸਾਨੀ ਨਾਲ ਬਾਹਰ ਕਰ ਦਿੱਤਾ। ਮਾਰਟਿਨ ਬ੍ਰੈਥਵੇਟ ਨੇ ਡੈਨਮਾਰਕ ਲਈ ਚੰਗੀ ਸ਼ੁਰੂਆਤ ਕੀਤੀ ਅਤੇ ਫਰਾਂਸ ਦੇ ਡਿਫੈਂਸ ਨੂੰ ਚਕਮਾ ਦਿੰਦਿਆਂ ਗੇਂਦ ਨੂੰ ਪੋਸਟ ਤੱਕ ਲੈ ਗਿਆ, ਪਰ ਗੋਲ ਨਹੀਂ ਕਰ ਸਕਿਆ। ਟੀਮ ਨੂੰ ਕਾਰਨਰ ਕਿੱਕ ਮਿਲੀ, ਪਰ ਖਿਡਾਰੀ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਡੈਨਮਾਰਕ ਦੇ ਡਿਫੈਂਡਰਾਂ ਨੇ ਓਲੀਵਰ ਗਿਰੋਡ ਨੂੰ ਚੰਗੀ ਤਰ੍ਹਾਂ ਘੇਰੀ ਰੱਖਿਆ, ਜਿਸ ਨੇ ਡੈਨਮਾਰਕ ਖ਼ਿਲਾਫ਼ ਫਰਾਂਸ ਦੇ ਪਿਛਲੇ ਤਿੰਨੇ ਗੋਲ ਕੀਤੇ ਹਨ। ਬ੍ਰੈਥਵੇਟ ਇਸ ਦੌਰਾਨ ਚੰਗੀ ਲੈਅ ਵਿੱਚ ਵਿਖਾਈ ਦਿੱਤਾ ਅਤੇ ਲਗਾਤਾਰ ਮੌਕੇ ਬਣਾਉਂਦਾ ਰਿਹਾ, ਪਰ ਡੈਨਮਾਰਕ ਨੂੰ ਲੀਡ ਨਹੀਂ ਦਿਵਾ ਸਕਿਆ।