ਨਵੀਂ ਦਿੱਲੀ, ਭਾਰਤੀ ਕ੍ਰਿਕਟਰ ਅਭਿਨਵ ਮੁਕੁੰਦ ਨੇ ਸੋਸ਼ਲ ਮੀਡੀਆ ’ਤੇ ਆਉਂਦੀਆਂ ਨਸਲੀ ਟਿੱਪਣੀਆਂ ਦਾ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਚਮੜੀ ਦੇ ਰੰਗ ਕਰ ਕੇ ਖ਼ੁਦ ਲੰਮੇ ਸਮੇਂ ਤੋਂ ਅਪਮਾਨ ਝੱਲਦਾ ਆ ਰਿਹੈ। ਕ੍ਰਿਕਟਰ ਨੇ ਕਿਹਾ ਗੋਰਾ ਰੰਗ ਹੀ ‘ਲਵਲੀ ਜਾਂ ਹੈਂਡਸਮ’ ਨਹੀਂ ਹੁੰਦਾ ਅਤੇ ਰੱਬ ਨੇ ਇਨਸਾਨ ਨੂੰ ਜਿਹੜਾ ਰੰਗ ਰੂਪ ਦਿੱਤਾ ਹੈ, ਉੁਸ ਨੂੰ ਉਸੇ ਵਿੱਚ ਸਹਿਜ ਰਹਿ ਕੇ ਆਪਣੇ ਕੰਮ ’ਤੇ ਕੇਂਦਰਤ ਕਰਨਾ ਚਾਹੀਦਾ। ਆਪਣੇ ਟਵਿੱਟਰ ਪੇਜ ’ਤੇ ਇਕ ਬਿਆਨ ’ਚ ਮੁਕੁੰਦ ਨੇ ਚਮੜੀ ਦੇ ਰੰਗ ਨੂੰ ਲੈ ਕੇ ਭੇਜੇ ਕੁਝ ਸੁਨੇਹਿਆਂ ’ਤੇ ਨਾਰਾਜ਼ਗੀ ਜਤਾਈ ਹੈ। ਮੁਕੁੰਦ ਨੇ ਸ੍ਰੀਲੰਕਾ ਖ਼ਿਲਾਫ਼ ਮੌਜੂਦਾ ਟੈਸਟ ਲੜੀ ਵਿੱਚ ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ 81 ਦੌੜਾਂ ਦੀ ਪਾਰੀ ਖੇਡੀ ਸੀ। ਤਾਮਿਲ ਨਾਡੂ ਨਾਲ ਸਬੰਧਤ ਬੱਲੇਬਾਜ਼ ਨੇ ਸਾਫ਼ ਕੀਤਾ ਹੈ ਕਿ ਉਸ ਦੇ ਇਸ ਬਿਆਨ ਦਾ ਭਾਰਤੀ ਕ੍ਰਿਕਟ ਟੀਮ ਦੇ ਕਿਸੇ ਮੈਂਬਰ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਇਸ ਦਾ ਕੋਈ ਗ਼ਲਤ ਮਤਲਬ ਨਾ ਕੱਢਿਆ ਜਾਵੇ।
ਬੱਲੇਬਾਜ਼ ਨੇ ਟਵੀਟ ’ਚ ਲਿਖਿਆ,‘ਮੈਂ ਕਿਸੇ ਦੀ ਹਮਦਰਦੀ ਜਾਂ ਧਿਆਨ ਖਿੱਚਣ ਲਈ ਇਹ ਨਹੀਂ ਲਿਖ ਰਿਹਾ। ਮੈਂ ਲੋਕਾਂ ਦੀ ਮਾਨਸਿਕਤਾ ਬਦਲਣਾ ਚਾਹੁੰਦਾ ਹਾਂ। ਮੈਂ 15 ਸਾਲ ਦੀ ਉਮਰ ਤੋਂ ਮੁਲਕ ਦੇ ਅੰਦਰ ਤੇ ਬਾਹਰ ਘੁੰਮਦਾ ਪਿਆਂ। ਬਚਪਨ ਤੋਂ ਮੇਰੀ ਚਮੜੀ ਦੇ ਰੰਗ ਨੂੰ ਲੈ ਕੇ ਲੋਕਾਂ ਦਾ ਰਵੱਈਆ, ਮੇਰੇ ਲਈ ਹੈਰਾਨੀ ਦਾ ਸਬੱਬ ਰਿਹਾ ਹੈ।’ ਕ੍ਰਿਕਟਰ ਨੇ ਕਿਹਾ,‘ਜੋ ਕ੍ਰਿਕਟ ਖੇਡਦਾ ਹੈ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇਗਾ। ਮੈਂ ਤਿੱਖੀ ਧੁੱਪ ’ਚ ਖੇਡਦਾ ਰਿਹਾਂ ਤੇ ਮੈਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਕਿ ਮੇਰਾ ਰੰਗ ਕਾਲਾ ਹੋ ਗਿਆ। ਮੁਕੁੰਦ ਨੇ ਕਿਹਾ ਕਿ ਉਸ ਦਾ ਇਹ ਬਿਆਨ ਅਜਿਹੇ ਲੋਕਾਂ ਵੱਲ ਕੇਂਦਰਤ ਹੈ, ਜੋ ਚਮੜੀ ਦੇ ਰੰਗ ਨੂੰ ਲੈ ਕੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ