ਲੁਧਿਆਣਾ, ਹੈਬੋਵਾਲ ਦੇ ਲਕਸ਼ਮੀ ਨਗਰ ਇਲਾਕੇ ਵਿੱਚ ਸਿਲੰਡਰ ਫਟਣ ਨਾਲ ਕਮਰੇ ਦੀ ਛੱਤ ਡਿੱਗ ਗਈ ਅਤੇ ਪਰਿਵਾਰ ਦੇ ਪੰਜ ਜੀਅ ਝੁਲਸ ਗਏ। ਸੂਚਨਾ ਮਿਲਣ ’ਤੇ ਏਸੀਪੀ (ਉਤਰੀ) ਡਾ. ਸਚਿਨ ਗੁਪਤਾ ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਸ਼ਤਰੂਘਨ ਤੇ ਉਸ ਦਾ ਪਰਿਵਾਰ ਲਕਸ਼ਮੀ ਨਗਰ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ। ਇਸ ਪਰਿਵਾਰ ਦੀ ਵਿਆਹੁਤਾ ਲੜਕੀ ਰਾਧਾ ਵੀ ਘਰ ਆਈ ਹੋਈ ਸੀ। ਕੱਲ੍ਹ ਰਾਤ ਕਮਰੇ ਵਿੱਚ ਰੱਖੇ ਸਿਲੰਡਰ ’ਚੋਂ ਗੈਸ ਲੀਕ ਹੋਣ ਲੱਗੀ, ਜਿਸ ਕਾਰਨ ਸਵੇਰੇ ਅਚਾਨਕ ਧਮਾਕਾ ਹੋ ਗਿਆ। ਧਮਾਕਾ ਏਨਾ ਜਬਰਦਸਤ ਸੀ ਕਿ ਕਮਰੇ ਨੂੰ ਅੱਗ ਲੱਗ ਗਈ ਤੇ ਛੱਤ ਡਿੱਗ ਪਈ। ਕਮਰੇ ਵਿੱਚੋਂ ਆਉਂਦਾ ਧੂੰਆਂ ਦੇਖ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਦਰਵਾਜ਼ਾ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਗੈਸ ਕਾਰਨ ਜ਼ਖ਼ਮੀਆਂ ਨੂੰ ਬਾਹਰ ਕੱਢਣ ਵਿੱਚ ਵੀ ਕਾਫ਼ੀ ਮੁਸ਼ਕਲ ਆਈ। ਇਸ ਹਾਦਸੇ ਵਿੱਚ ਸ਼ਤਰੂਘਨ ਪਾਸਵਾਨ (40), ਉਸ ਦੀ ਪਤਨੀ ਸੁਕਰਨੀਆ (38), ਗੋਵਿੰਦਾ (18), ਰੋਹਿਤ (12) ਤੇ ਰਾਧਾ (18) ਝੁਲਸ ਗਏ। ਸਾਰਿਆਂ ਨੂੰ ਡੀਐਮਸੀ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਸ਼ਤਰੂਘਨ, ਸ਼ੁਕਰਨੀਆ ਤੇ ਰਾਧਾ ਦੀ ਹਾਲਤ ਗੰਭੀਰ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਏਸੀਪੀ (ਉੱਤਰੀ) ਡਾ. ਸਚਿਨ ਗੁਪਤਾ ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲਿਆ।