ਜਲੰਧਰ, ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਸਰਾਜ ਸੰਧੂ ਉਰਫ਼ ਮਿੰਟੂ ਨੂੰ ਅਦਾਲਤ ਨੇ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਨੇ ਉਸ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨੂੰ ਦਰਕਿਨਾਰ ਕਰਦਿਆਂ ਸਿਰਫ ਸੱਤ ਦਿਨਾਂ ਦਾ ਰਿਮਾਂਡ ਦਿੱਤਾ ਹੈ। ਹਾਲਾਂਕਿ ਪੁਲੀਸ ਇਹ ਦਲੀਲ ਦੇ ਰਹੀ ਸੀ ਕਿ ਕਤਲ ਕਾਂਡ ਦੇ ਮਾਮਲੇ ਵਿੱਚ ਮਿੰਟੂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨਾ ਹੈ, ਇਸ ਲਈ ਉਸ ਕੋਲੋਂ ਲੰਬੀ ਪੁੱਛ-ਪੜਤਾਲ ਕਰਨੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਰਾਜ ਸੰਧੂ ਉਰਫ਼ ਮਿੰਟੂ ਨੂੰ ਬਿਧੀਪੁਰ ਫਾਟਕ ਨੇੜਿਓਂ ਪੁਲੀਸ ਨੇ ਕਾਬੂ ਕੀਤਾ ਸੀ। ਉਸ ਦੇ ਸਿਰ ’ਤੇ 5 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ ਤੇ ਪੰਜਾਬ ਪੁਲੀਸ ਉਸ ਨੂੰ ‘ਏ’ ਸ਼੍ਰੇਣੀ ਦਾ ਗੈਂਗਸਟਰ ਮੰਨ ਰਹੀ ਹੈ। ਸਰਾਜ ਮਿੰਟੂ ਖ਼ਿਲਾਫ਼ 5 ਕਤਲ ਕੇਸ ਤੇ ਦੋ ਬੈਂਕ ਡਕੈਤੀਆਂ ਤੋਂ ਇਲਾਵਾ ਕਈਆਂ ਨੂੰ ਅਗਵਾ ਕਰਨ ਅਤੇ ਫਿਰੌਤੀਆਂ ਮੰਗਣ ਦੇ ਕੇਸ ਵੀ ਦਰਜ ਹਨ। ਸੂਤਰਾਂ ਅਨੁਸਾਰ ਸਰਾਜ ਸੰਧੂ ਨੂੰ ਫੜਨ ਲਈ ਉਸ ਦੇ ਮਾਪਿਆਂ ਨੇ ਵੱਡੀ ਭੂਮਿਕਾ ਨਿਭਾਈ ਹੈ।