ਸੰਗਰੂਰ, 5 ਫਰਵਰੀ
ਗੈਂਗਸਟਰ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਵੱਲੋਂ ਅਕਾਲੀ ਦਲ ਦੇ ਆਗੂ ਉਪਰ ਲਾਏ ਗੰਭੀਰ ਦੋਸ਼ਾਂ ਮਗਰੋਂ ਸੰਗਰੂਰ ਜ਼ਿਲ੍ਹੇ ਵਿੱਚ ਸਿਆਸਤ ਭਖ਼ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜਿੱਥੇ ਇਨ੍ਹਾਂ ਦੋਸ਼ਾਂ ਨੂੰ ਕਾਂਗਰਸੀ ਆਗੂਆਂ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ ਉਥੇ ਸੰਗਰੂਰ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇੱਥੇ ਆਪਣੀ ਰਿਹਾਇਸ਼ ’ਤੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਢੀਂਡਸਾ ਨੇ ਦੋਸ਼ ਲਾਇਆ ਕਿ ਗੈਂਗਸਟਰ ਰਵੀ ਦਿਓਲ ਵੱਲੋਂ ਲਾਏ ਦੋਸ਼ਾਂ ਪਿੱਛੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਅਤੇ ਸੁਨਾਮ ਹਲਕੇ ਦੀ ਕਾਂਗਰਸੀ ਆਗੂ ਦਮਨ ਬਾਜਵਾ ਦੇ ਪਤੀ ਹਰਮਨ ਬਾਜਵਾ ਦਾ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਨੇ ਹੀ ਗੈਂਗਸਟਰ ਰਵੀ ਦਿਓਲ ਨੂੰ ਪੇਸ਼ ਕਰਾਉਣ ਵਿੱਚ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀ ਆਗੂ ਜਿਸ ਤਰ੍ਹਾਂ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਵਿੱਚ ਗੈਂਗਸਟਰ ਰਵੀ ਦਿਓਲ ਨਾਲ ਮੀਟਿੰਗਾਂ ਕਰ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਸੰਗਰੂਰ ਪੁਲੀਸ ਨਿਰਪੱਖ ਭੂਮਿਕਾ ਨਿਭਾਉਣ ਦੀ ਬਜਾਏ ਇੱਕ ਸਿਆਸੀ ਪਾਰਟੀ ਵਜੋਂ ਕੰਮ ਕਰ ਰਹੀ ਹੈ। ਸ੍ਰੀ ਢੀਂਡਸਾ ਨੇ ਬੀਬੀ ਭੱਠਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਆਸੀ ਲੜਾਈ ਚੋਣ ਮੈਦਾਨ ਵਿੱਚ ਹੀ ਲੜਨੀ ਚਾਹੀਦੀ ਹੈ, ਨਾ ਕਿ ਅਜਿਹੇ ਹਥਕੰਡੇ ਵਰਤਣੇ ਚਾਹੀਦੇ ਹਨ।
ਸ੍ਰੀ ਢੀਂਡਸਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੇ ਹੁਣ ਤੱਕ ਦੇ ਸਿਆਸੀ ਜੀਵਨ ਉਪਰ ਕਦੇ ਕੋਈ ਦਾਗ ਨਹੀਂ ਲੱਗਿਆ। ਸਰਕਾਰ ਕਿਸੇ ਵੀ ਏਜੰਸੀ ਤੋਂ ਜਾਂਚ ਕਰਵਾ ਲਏ, ਜੇਕਰ ਅਜਿਹੇ ਕਿਸੇ ਵੀ ਮਾਮਲੇ ’ਚ ਢੀਂਡਸਾ ਪਰਿਵਾਰ ਦਾ ਰੱਤੀ ਭਰ ਵੀ ਦੋਸ਼ ਸਾਬਤ ਹੋਵੇ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਮਨਬੀਰ ਸਿੰਘ ਚੈਰੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਨਹੀਂ ਹੈ। ਉਸਨੇ ਸਿਰਫ਼ ਸੁਨਾਮ ਹਲਕੇ ਤੋਂ ਪਾਰਟੀ ਟਿਕਟ ਦੀ ਮੰਗ ਕੀਤੀ ਸੀ। ਰਿਸ਼ਤੇਦਾਰ ਹੋਣ ਦੀ ਗੱਲ ਸਵੀਕਾਰ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਰਿਸ਼ਤੇਦਾਰ ਹੋਣਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਪਾਸੋਂ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਵੀ ਕਰਨਗੇ। ਇਸ ਮੌਕੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਪਾਰਟੀ ਦੇ ਸੂਬਾ ਆਗੂ ਰਾਜਿੰਦਰ ਸਿੰਘ ਕਾਂਝਲਾ ਤੋਂ ਇਲਾਵਾ ਅਨੇਕ ਪਾਰਟੀ ਆਗੂ ਮੌਜੂਦ ਸਨ।
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੁਲੀਸ ਦੀ ਭੂਮਿਕਾ ਉਪਰ ਦੋਸ਼ ਲਾਉਣਾ ਉਨ੍ਹਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ। ਪੁਲੀਸ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੀ ਹੈ। ਜਾਂਚ ਮਗਰੋਂ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।
ਦੋਸ਼ਾਂ ਦਾ ਸਾਹਮਣਾ ਕਰਨ ਢੀਂਡਸਾ: ਭੱਠਲ
ਬੀਬੀ ਰਾਜਿੰਦਰ ਕੌਰ ਭੱਠਲ ਨੇ ਸ੍ਰੀ ਢੀਂਡਸਾ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਅਜਿਹੀ ਘਟੀਆ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਗੁਨਾਹ ਉਪਰ ਪਰਦਾ ਪਾਉਣ ਦੀ ਬਜਾਏ ਗੈਂਗਸਟਰ ਵੱਲੋਂ ਅਮਨਬੀਰ ਸਿੰਘ ਚੈਰੀ ਉਪਰ ਲਾਏ ਦੋਸ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਾਂਗਰਸੀ ਆਗੂ ਹਰਮਨ ਬਾਜਵਾ ਨੇ ਵੀ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾ ਉਨ੍ਹਾਂ ਵੱਲੋਂ ਗੈਂਗਸਟਰ ਪੇਸ਼ ਕਰਵਾਇਆ ਗਿਆ ਹੈ ਅਤੇ ਨਾ ਹੀ ਉਹ ਕਿਸੇ ਨੂੰ ਮਿਲੇ ਹਨ।