ਚੰਡੀਗੜ੍ਹ, ਪੰਜਾਬ ਪਲੀਸ ਨੇ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਨੂੰ ਮੁੱਖ ਧਾਰਾ ’ਚ ਲਿਆਉਣ ਅਤੇ ਹਥਿਆਰ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਡੀਜੀਪੀ ਸੁਰੇਸ਼ ਅਰੋੜਾ ਦੀਆਂ ਹਦਾਇਤਾਂ ’ਤੇ ‘ਸੰਗਠਿਤ ਅਪਰਾਧ ਰੋਕੂ ਯੂਨਿਟ’ (ਓਸੀਸੀਯੂ) ਵੱਲੋਂ ਇਸ ਸਬੰਧੀ ਸਮੂਹ ਜ਼ਿਲ੍ਹਾ ਪੁਲੀਸ ਮੁਖੀਆਂ, ਪੁਲੀਸ ਕਮਿਸ਼ਨਰਾਂ, ਰੇਂਜਾਂ ਦੇ ਡੀਆਈਜੀਜ਼ ਅਤੇ ਜ਼ੋਨਲ ਆਈਜੀਜ਼ ਨੂੰ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਗਾਇਕਾਂ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਹੈ। ਓਸੀਸੀਯੂ ਦੇ ਆਈਜੀ ਵੱਲੋਂ ਲਿਖੇ ਇਸ ਪੱਤਰ ਦੇ ਨਾਲ ਏ, ਬੀ ਅਤੇ ਸੀ ਕੈਟੇਗਿਰੀ ਦੇ ਗੈਂਗਸਟਰਾਂ ਦੀ ਸੂਚੀ ਵੀ ਨੱਥੀ ਕੀਤੀ ਗਈ ਹੈ ਤੇ ਇੱਕ ਪ੍ਰੋਫਾਰਮਾਂ ਵੀ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਹ ਮੁਹਿੰਮ ਨਿੱਜੀ ਨਿਗਰਾਨੀ ਹੇਠ ਚਲਾਉਣ ਤੇ 11 ਫਰਵਰੀ ਤੱਕ ਪੁਲੀਸ ਅਫ਼ਸਰਾਂ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਸੂਤਰਾਂ ਅਨੁਸਾਰ ਪੁਲੀਸ ਵੱਲੋਂ ਇਹ ਮੁਹਿੰਮ ‘ਝੂਠੇ ਪੁਲੀਸ’ ਮੁਕਾਬਲਿਆਂ ਦੀ ਬਦਨਾਮੀ ਦਾ ਦਾਗ ਧੋਣ ਲਈ ਚਲਾਈ ਗਈ ਹੈ। ਪੁਲੀਸ ਵੱਲੋਂ ਹਾਲ ਹੀ ’ਚ ਮਾਰੇ ਗਏ ਦੋ ਗੈਂਗਸਟਰਾਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਮੁਕਾਬਲਾ ਫ਼ਰਜ਼ੀ ਹੋਣ ਦੇ ਦੋਸ਼ ਲਾ ਕੇ ਪੁਲੀਸ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਸੀ। ਗੈਂਗਸਟਰਾਂ ਦੀਆਂ ਅੰਤਿਮ ਯਾਤਰਾਵਾਂ ਅਤੇ ਭੋਗ ਸਮਾਗਮਾਂ ’ਚ ਲੋਕਾਂ ਦਾ ਇਕੱਠੇ ਹੋਣਾ ਵੀ ਪੁਲੀਸ ਲਈ ਸਿਰਦਰਦੀ ਬਣ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਦਿੱਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਅਤੇ ਉਨ੍ਹਾਂ (ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ) ਨੂੰ ਇਸ ਗੱਲ ਲਈ ਮਨਾਇਆ ਜਾਵੇ ਕਿ ਉਹ ‘ਗੈਂਗਸਟਰ’ ਨੂੰ ਜੁਰਮ ਦਾ ਰਾਹ ਛੱਡ ਕੇ ਆਤਮ ਸਮਰਪਣ ਕਰਨ ਲਈ ਪ੍ਰੇਰਿਤ ਕਰਨ। ਪੁਲੀਸ ਅਫ਼ਸਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਅਪਰਾਧ ਦੀ ਦੁਨੀਆਂ ’ਚ ਪੈ ਚੁੱਕੇ ਗੈਂਗਸਟਰਾਂ ਦੀ ਘਰ ਵਾਪਸੀ ਲਈ ਹੀ ਯਤਨ ਨਾ ਕਰਨ ਸਗੋਂ ਹੋਰਨਾਂ ਨੌਜਵਾਨਾਂ ਨੂੰ ਵੀ ਹਥਿਆਰਾਂ ਤੋਂ ਦੂਰ ਰਹਿ ਕੇ ਅਮਨ ਪਸੰਦ ਸ਼ਹਿਰੀਆਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕਰਨ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬੀ ਗਾਇਕਾਂ ਵੱਲੋਂ ਗਾਣਿਆਂ ਅਤੇ ਗੀਤਾਂ ਦਾ ਫਿਲਮਾਂਕਣ ਕਰਨ ਸਮੇਂ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਗੀਤਾਂ ਵਿੱਚ ਗੈਂਗਸਟਰਾਂ ਦੇ ‘ਸੋਹਲੇ ਗਾਉਣਾ’ ਵੀ ਸਮਾਜ ਲਈ ਮਾਰੂ ਸਾਬਤ ਹੋ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਗੈਂਗਸਟਰਾਂ ਦੇ ਪਰਿਵਾਰਾਂ ਵਾਂਗ ਹੀ ਪੰਜਾਬੀ ਗਾਇਕਾਂ ਨਾਲ ਵੀ ਮੀਟਿੰਗਾਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤੇ ਇਸ ਦੀ ਰਿਪੋਰਟ ਦੇਣ ਲਈ ਵੀ ਪ੍ਰੋਫਾਰਮਾ ਭੇਜਿਆ ਹੈ। ਪੰਜਾਬ ਪੁਲੀਸ ਲਈ ਗੈਂਗਸਟਰਾਂ ਦੀਆਂ ਗਤੀਵਿਧੀਆਂ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ 186 ਗੈਂਗਸਟਰ 
ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਸਮੇਂ 186 ਗੈਂਗਸਟਰ ਹਵਾਲਾਤੀ ਜਾਂ ਕੈਦੀਆਂ ਵਜੋਂ ਬੰਦ ਹਨ। ਜਿਨ੍ਹਾਂ ਵਿੱਚੋਂ 51 ਏ ਕੈਟੇਗਿਰੀ, 85 ਬੀ ਕੈਟੇਗਿਰੀ ਅਤੇ 50 ਸੀ ਕੈਟੇਗਿਰੀ ਵਿੱਚ ਸ਼ਾਮਲ ਹਨ।   ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਏ ਤੋਂ ਸੀ ਕੈਟੇਗਿਰੀ ਤੱਕ ਦੇ ਗੈਂਗਸਟਰਾਂ ਦੀ ਕੁੱਲ ਗਿਣਤੀ 300 ਤੋਂ ਵਧੇਰੇ ਹੈ। ਜਦੋਂ ਕਿ ਸੂਤਰਾਂ ਦਾ ਕਹਿਣਾ ਹੈ ਕਿ ਕੁੱਲ ਗੈਂਗਸਟਰਾਂ ਦੀ ਗਿਣਤੀ 500 ਦੇ ਕਰੀਬ ਹੈ। ਪੁਲੀਸ ਵੱਲੋਂ ਐਸਐਸਪੀਜ਼ ਨੂੰ ਜਿਹੜੀ ਸੂਚੀ ਭੇਜੀ ਗਈ ਹੈ ਉਸ ਨਾਲ 33 ਗੈਂਗਸਟਰਾਂ ਦੀ ਸੂਚੀ ਨੱਥੀ ਕੀਤੀ ਗਈ ਹੈ।