ਚੰਡੀਗੜ੍ਹ, 12 ਨਵੰਬਰ
ਇਥੋਂ ਦੇ ਪਾਕਿਸਤਾਨੀ ਸਫਾਰਤਖਾਨੇ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਲਈ 3000 ਵੀਜ਼ੇ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ 191 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੂਤਾਵਾਸ ਨੇ ਬਿਆਨ ਵਿਚ ਕਿਹਾ ਹੈ ਕਿ ਪਾਕਿਸਤਾਨ ਵਿਚਲੇ ਧਾਰਮਿਕ ਸੰਸਥਾਨਾਂ ਦੇ ਦਰਸ਼ਨਾਂ ਲਈ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣਗੇ। ਪਰ ਇਸ ਤੋਂ ਇਕ ਦਿਨ ਪਹਿਲਾਂ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਸੀ ਕਿ 1974 ਹਿੰਦ-ਪਾਕਿ ਪ੍ਰੋਟੋਕੋਲ ਅਨੁਸਾਰ ਸਿਰਫ 1500 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣਗੇ ਤੇ ਇਕ ਦਿਨ ਬਾਅਦ ਪਾਕਿਸਤਾਨ ਸਫਾਰਤਖਾਨੇ ਨੇ ਵੀਜ਼ਿਆਂ ਦੀ ਗਿਣਤੀ ਦੁੱਗਣੀ ਦੱਸੀ ਹੈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਕੁਲ 1046 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲੱਗਣ ਲਈ ਭੇਜੇ ਗਏ ਸਨ, ਜਿਸ ਵਿਚੋਂ 855 ਨੂੰ ਪਾਕਿਸਤਾਨੀ ਸਫਾਰਤਖਾਨੇ ਵਲੋਂ ਵੀਜ਼ੇ ਦਿੱਤੇ ਗਏ ਹਨ ਤੇ 191 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਗਏ। ਇਸ ਸਬੰਧੀ ਜਥਾ 17 ਨਵੰਬਰ ਨੂੰ ਪਾਕਿਸਤਾਨ ਜਾਵੇਗਾ, ਜੋ 26 ਨਵੰਬਰ ਨੂੰ ਪਰਤੇਗਾ।