ਗੁਰੂਗਰਾਮ, 22 ਅਕਤੂਬਰ

ਇਥੋਂ ਦੇ ਸੈਕਟਰ-12 ਤੇ 47 ਵਿੱਚ ਅੱਜ ਹਿੰਦੂ ਜਥੇਬੰਦੀਆਂ ਨੇ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਮੌਕੇ ਵਿਘਨ ਪਾਇਆ। ਹਿੰਦੂ ਜਥੇਬੰਦੀਆਂ ਨੇ ਇਸ ਮੌਕੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦਿਆਂ ਕਿਹਾ ਕਿ ਨਮਾਜ ਨਿੱਜੀ ਥਾਂ ’ਤੇ ਅਦਾ ਕੀਤੀ ਜਾ ਰਹੀ ਹੈ ਜਿਥੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਨੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਨਮਾਜ ਅਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਕਈ ਵਾਰ ਸ਼ਬਦੀ ਤਕਰਾਰ ਵੀ ਹੋਇਆ। ਦੂਜੇ ਪਾਸੇ ਵਿਧਾਇਕ ਸੁਧੀਰ ਸਿੰਗਲਾ ਨੇ ਕਿਹਾ ਕਿ ਉਹ ਪੁਲੀਸ ਕਮਿਸ਼ਨਰ ਨਾਲ ਇਸ ਮੁੱਦੇ ’ਤੇ ਗੱਲਬਾਤ ਕਰਨਗੇ। ਮੁੱਖ ਮੰਤਰੀ ਨੇ ਵੀ ਸਪਸ਼ਟ ਕੀਤਾ ਹੈ ਕਿ ਨਿਰਧਾਰਿਤ ਥਾਵਾਂ ’ਤੇ ਹੀ ਨਮਾਜ਼ ਅਦਾ ਕੀਤੀ ਜਾਵੇ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਨਾ ਵਿਗੜੇ।