ਨੂਰ-ਸੁਲਤਾਨ (ਕਜ਼ਾਖ਼ਸਤਾਨ), ਭਾਰਤੀ ਪਹਿਲਵਾਨ ਗੁਰਪ੍ਰੀਤ ਸਿੰਘ ਨੂੰ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ ਅੱਜ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕਰੀਬੀ ਮੁਕਾਬਲੇ ਵਿੱਚ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਵਿਕਟਰ ਨੈਮੇਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਨਵੀਨ ਤਗ਼ਮੇ ਦੀ ਦੌੜ ਵਿੱਚ ਬਰਕਰਾਰ ਹੈ। ਨਵੀਨ ਨੂੰ ਗਰੀਕੋ ਰੋਮਨ ਦੇ 130 ਕਿਲੋ ਭਾਰ ਵਰਗ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਕਿਊਬਾ ਦੇ ਆਸਕਰ ਪਿਨੋ ਹਿੰਡਸ ਤੋਂ ਸ਼ਿਕਸਤ ਮਿਲੀ। ਕਿਊਬਾ ਦੇ ਇਸ ਪਹਿਲਵਾਨ ਦੇ ਫਾਈਨਲ ਵਿੱਚ ਪਹੁੰਚਣ ਕਾਰਨ ਨਵੀਨ ਦੀਆਂ ਤਗ਼ਮੇ ਦੀਆਂ ਉਮੀਦਾਂ ਬਣੀਆਂ ਹੋਈਆਂ ਹਨ। ਨਵੀਨ ਨੂੰ ਹੁਣ ਕਾਂਸੀ ਦੇ ਤਗ਼ਮੇ ਦੇ ਗੇੜ ਵਿੱਚ ਪਹੁੰਚਣ ਲਈ ਪਹਿਲਾਂ ਅਸਤੋਨੀਆ ਦੇ ਹੀਕੀ ਨਬੀ ਅਤੇ ਫਿਰ ਕਿਰਗਿਸਤਾਨ ਦੇ ਮੁਰਾਤ ਰਾਮੋਨੋਵ ਨੂੰ ਹਰਾਉਣਾ ਹੋਵੇਗਾ।
ਇਸ ਤੋਂ ਪਹਿਲਾਂ ਸਰਬਿਆਈ ਪਹਿਲਵਾਨ ਨੂੰ ਵੱਧ ਰੱਖਿਆਤਮਕ ਹੋ ਕੇ ਖੇਡਣ ਕਾਰਨ ਇੱਕ ਪੈਨਲਟੀ ਅੰਕ ਮਿਲਿਆ, ਜਿਸ ਕਾਰਨ ਗੁਰਪ੍ਰੀਤ ਨੇ 77 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਖ਼ਿਲਾਫ਼ 1-0 ਦੀ ਲੀਡ ਬਣਾਈ। ਪਹਿਲੇ ਰਾਊਂਡ ਮਗਰੋਂ ਗੁਰਪ੍ਰੀਤ 1-0 ਨਾਲ ਅੱਗੇ ਸੀ। ਦੂਜੇ ਰਾਊਂਡ ਵਿੱਚ ਗੁਰਪ੍ਰੀਤ ਨੇ ਵੱਧ ਰੱਖਿਆਤਮਕ ਰਵੱਈਆ ਅਪਣਾਉਣ ਕਾਰਨ ਅੰਕ ਗੁਆ ਲਿਆ। ਵਿਕਟਰ ਨੇ ਇਸ ਦੌਰਾਨ ਗੁਰਪ੍ਰੀਤ ਨੂੰ ਮੈਟ ’ਚੋਂ ਬਾਹਰ ਕਰਨ ਦਾ ਯਤਨ ਕੀਤਾ, ਪਰ ਦੋਵੇਂ ਪਹਿਲਵਾਨ ਸਰਕਲ ਕੰਢੇ ਡਿੱਗ ਗਏ। ਇਸੇ ਦੇ ਲਈ ਰੈਫਰੀ ਨੇ ਸਰਬਿਆਈ ਪਹਿਲਵਾਨ ਨੂੰ ਦੋ ਅੰਕ ਦੇ ਦਿੱਤੇ।
ਭਾਰਤੀ ਕੋਚ ਹਰਗੋਬਿੰਦ ਸਿੰਘ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ, ਪਰ ਫ਼ੈਸਲਾ ਉਸ ਦੇ ਖ਼ਿਲਾਫ਼ ਗਿਆ, ਜਿਸ ਕਾਰਨ ਗੁਰਪ੍ਰੀਤ ਨੇ ਇੱਕ ਹੋਰ ਅੰਕ ਗੁਆ ਲਿਆ। ਸਰਬਿਆਈ ਪਹਿਲਵਾਨ ਨੇ ਇਸ ਮਗਰੋਂ ਆਪਣੀ ਲੀਡ ਕਾਇਮ ਰੱਖਦਿਆਂ ਅਗਲੇ ਗੇੜ ਵਿੱਚ ਥਾਂ ਬਣਾਈ। ਵਿਕਟਰ ਨੂੰ ਇਸ ਮਗਰੋਂ ਕੁਆਰਟਰ ਫਾਈਨਲ ਵਿੱਚ ਕਜ਼ਾਖ਼ਸਤਾਨ ਦੇ ਅਸਖ਼ਤ ਦਿਲਮੁਖਮੇਦੋਵ ਖ਼ਿਲਾਫ਼ ਹਾਰ ਝੱਲਣੀ ਪਈ, ਜਿਸ ਕਾਰਨ ਗੁਰਪ੍ਰੀਤ ਦੀ ਰੈਪੇਚੇਜ ਰਾਹੀਂ ਤਗ਼ਮੇ ਲਈ ਚੁਣੌਤੀ ਹਾਸਲ ਕਰਨ ਦੀ ਉਮੀਦ ਵੀ ਟੁੱਟ ਗਈ।
ਵਿਕਟਰ ਖ਼ਿਲਾਫ਼ ਹਾਰ ਤੋਂ ਪਹਿਲਾਂ ਗੁਰਪ੍ਰੀਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਸਟਰੀਆ ਦੇ ਮਾਈਕਲ ਵੈਗਨਰ ਨੂੰ ਚਿੱਤ ਕੀਤਾ ਸੀ। ਮਨੀਸ਼ ਨੇ ਵੀ 60 ਕਿਲੋ ਵਰਗ ਦੇ 1/16 ਮੁਕਾਬਲੇ ਵਿੱਚ ਫਿਨਲੈਂਡ ਦੇ ਲਾਰੀ ਯੋਹਾਨੈੱਸ ਮਾਇਖੋਨੇਨ ਨੂੰ ਹਰਾਇਆ। ਭਾਰਤੀ ਪਹਿਲਵਾਨ ਇੱਕ ਸਮੇਂ 0-3 ਨਾਲ ਪਛੜ ਰਿਹਾ ਸੀ, ਪਰ ਉਸ ਨੇ ਇਸ ਮਗਰੋਂ ਲਗਾਤਾਰ 11 ਅੰਕਾਂ ਨਾਲ ਜਿੱਤ ਦਰਜ ਕੀਤੀ। ਮਨੀਸ਼ ਨੂੰ ਹਾਲਾਂਕਿ ਅਗਲੇ ਗੇੜ ਵਿੱਚ ਮਾਲਦੋਵਾ ਦੇ ਦੁਨੀਆਂ ਦੇ ਤੀਜੇ ਨੰਬਰ ਦੇ ਪਹਿਲਵਾਨ ਵਿਕਟਰ ਸਿਯੋਬਾਨੂ ਖ਼ਿਲਾਫ਼ ਹਾਰ ਝੱਲਣੀ ਪਈ। ਮਾਲਦੋਵਾ ਦਾ ਭਲਵਾਨ ਇਸ ਮਗਰੋਂ ਕੁਆਰਟਰ ਫਾਈਨਲ ਵਿੱਚ ਜਾਪਾਨ ਦੇ ਕੇਨਿਚਿਰੋ ਫੁਮਿਤਾ ਤੋਂ ਹਾਰ ਗਿਆ, ਜਿਸ ਨਾਲ ਮਨੀਸ਼ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਿਆ।