ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਵਿੱਚ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਹਰ ਤਰ੍ਹਾਂ ਦੀ ਪਲਾਸਟਿਕ ਸਮੱਗਰੀ ’ਤੇ ਰੋਕ ਲਾ ਕੇ ਅਤੇ ਹੈਰੀਟੇਜ ਸੈਂਟਰ ਵਿੱਚ ਵਾਤਾਵਰਨ ਸੰਭਾਲ ਲਈ ਕਦਮ ਚੁੱਕਦਿਆਂ ਗੁਰਦੁਆਰਾ ਖੇਤਰ ਨੂੰ ਦਿੱਲੀ ਵਿੱਚ ਸਭ ਤੋਂ ਵੱਧ ਹਰਿਆ-ਭਰਿਆ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਡਿਸਪੋਜ਼ਲ ਗਲਾਸ, ਚਮਚ, ਕੱਪ, ਪਲੇਟਾਂ ਆਦਿ ਤੇ 2 ਤਰੀਕ ਤੋਂ ਪਾਬੰਦੀ ਲਾ ਦਿੱਤੀ ਹੈ ਅਤੇ ਸ਼ਰਧਾਲੂਆਂ ਨੂੰ ਲੰਗਰ ਹੁਣ ਸਟੀਲ ਦੇ ਭਾਂਡਿਆਂ ਵਿਚ ਛਕਾਇਆ ਜਾ ਰਿਹਾ ਹੈ ਤਾਂ ਜੋ ਕਿ ਗੁਰਦੁਆਰੇ ਦੇ ਨਜ਼ਦੀਕੀ ਥਾਂ ਨੂੰ ਪਲਾਸਟਿਕ ਮੁਕਤ ਰੱਖਿਆ ਜਾ ਸਕੇ। ਇਸ ਕਦਮ ਨਾਲ ਪ੍ਰਸ਼ਾਦ ਵੰਡਣ ਲਈ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਲਗਪਗ ਪੰਜ ਹਜ਼ਾਰ ਪੌਲੀ ਬੈਗ, ਥਰਮਾਕੋਲ ਸਮੱਗਰੀ ਦੀ ਥਾਂ ਹੁਣ ਜੂਟ ਦੇ ਬਣੇ ਬੈਗ ਦੀ ਵਰਤੋਂ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਵਿੱਚ ਫੁੱਲ/ਲੰਗਰ ਦੀ ਬਚੀ ਹੋਈ ਸਮੱਗਰੀ, ਮਾਲਾ, ਸੁੱਕੇ ਪੱਤੇ ਆਦਿ ਦੇ ਨਿਪਟਾਰੇ ਲਈ ਦੋ ਟਨ ਪ੍ਰਤੀਦਿਨ ਦੀ ਸਮਰੱਥਾ ਦਾ ਰੀਸਾਇਕਲਿੰਗ ਪਲਾਂਟ ਸਥਾਪਿਤ ਕੀਤਾ ਗਿਆ ਹੈ ਜੋ ਬਚੀ ਹੋਈ ਸਮੱਗਰੀ ਨੂੰ ਖ਼ਾਦ ਦੇ ਤੌਰ ’ਤੇ ਤਿਆਰ ਕਰੇਗਾ। ਇਹ ਪਲਾਂਟ ਹਾਲੇ ਇਕ ਪ੍ਰਯੋਗ ਵਜੋਂ ਚਲਾਇਆ ਜਾ ਰਿਹਾ ਹੈ ਅਤੇ ਬਾਅਦ ਵਿਚ ਇਸ ਨੂੰ ਜ਼ੀਰੋ ਵੇਸਟ ਮਾਡਲ ਦੇ ਰੂਪ ’ਚ ਚਲਾਇਆ ਜਾਏਗਾ, ਜਿਸ ਤੋਂ ਬਚੀ ਹੋਈ ਸਮੱਗਰੀ ਨੂੰ ਨਿਪਟਾਇਆ ਜਾਏਗਾ।
ਸ੍ਰੀ ਸਿਰਸਾ ਨੇ ਦੱਸਿਆ ਕਿ ਸਿੱਖ ਜਨਰਲ ਬਘੇਲ ਸਿੰਘ ਵੱਲੋਂ 1783 ’ਚ ਉਸਾਰੇ ਇਸ ਪਵਿੱਤਰ ਅਸਥਾਨ ‘ਤੇ ਆਮ ਦਿਨਾਂ ’ਚ ਹਰ ਰੋਜ਼ 75 ਹਜ਼ਾਰ ਅਤੇ ਛੁੱਟੀ, ਤਿਉਹਾਰਾਂ ਦੇ ਦਿਨਾਂ ’ਚ ਡੇਢ ਲੱਖ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਥੇ ਹਰ ਰੋਜ਼ ਲਗਪਗ 35 ਹਜ਼ਾਰ ਸ਼ਰਧਾਲੂ ਲੰਗਰ ਛੱਕਦੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਾਣੀ ਦੇ ਬਚਾਓ ਲਈ ਵੀ ਕਈ ਕਦਮ ਚੁੱਕੇ ਹਨ, ਜਿਸ ਵਿਚ ਪਾਣੀ ਸੰਭਾਲ ਯੰਤਰ ਸਥਾਪਿਤ ਕਰਕੇ ਪਾਣੀ ਦੀ ਹੋਣ ਵਾਲੀ ਗੈਰ ਜ਼ਰੂਰੀ ਵਰਤੋਂ ਨੂੰ ਰੋਕਣ ਲਈ ਰੀਸਾਇਕਲਿੰਗ ਪਲਾਂਟ ਸਥਾਪਿਤ ਕੀਤਾ ਹੈ। ਇਸ ਦੌਰਾਨ ਦੱਸਿਆ ਕਿ ਕਮੇਟੀ ਨੇ ਵਾਤਾਵਰਨ ਸੰਭਾਲ ਪੱਖੋਂ ਸ਼ਰਧਾਲੂਆਂ ਨੂੰ ਸੰਜੀਦਾ ਰੱਖਣ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਈ ਹੈ।