ਦੇਵੀਗੜ੍ਹ/ਪਟਿਆਲਾ, 16 ਮਈ

ਪਟਿਆਲਾ ਪੁਲੀਸ ਨੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਔਰਤ ਦੀ ਹੱਤਿਆ ਕਰਨ ਵਾਲੇ ਨਿਰਮਲਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਨਹੀਂ ਮੰਗਿਆ। ਇਸ ਕਰਕੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜਦੋਂ ਪੁਲੀਸ ਨੇ ਨਿਰਮਲਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਤਾਂ ਉੱਥੇ ਮੌਜੂਦ ਕੁਝ ਜਥੇਬੰਦੀਆਂ ਦੇ ਸਿੰਘਾਂ ਅਤੇ ਆਮ ਲੋਕਾਂ ਨੇ ਉਸ ਉੱਤੇ ਫੁੱਲਾਂ ਦੀ ਵਰਖਾ ਕਰਦਿਆਂ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ’ਚ ਸਰੋਵਰ ਨੇੜੇ ਬੈਠ ਕੇ ਸ਼ਰਾਬ ਪੀ ਰਹੀ ਇੱਕ ਔਰਤ ਦੀ ਇਕ ਸ਼ਰਧਾਲੂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕਾ ਦੀ ਪਛਾਣ ਪਰਵਿੰਦਰ ਕੌਰ (35) ਵਜੋਂ ਹੋਈ ਹੈ, ਜੋ ਸ਼ਰਾਬ ਪੀਣ ਦੀ ਆਦੀ ਸੀ। ਉਸ ਦਾ ਕੋਈ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆਇਆ ਹੈ। ਗੋਲੀ ਲੱਗਣ ਕਾਰਨ ਸਾਗਰ ਸਿੰਘ ਨਾਮ ਦਾ ਇਕ ਸ਼ਰਧਾਲੂ ਵੀ ਜ਼ਖ਼ਮੀ ਹੋ ਗਿਆ, ਜੋ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਰਵਿੰਦਰ ਕੌਰ ਗੁਰਦੁਆਰੇ ਦੇ ਸਰੋਵਰ ਨੇੜੇ ਬੈਠ ਕੇ ਜਦੋਂ ਸ਼ਰਾਬ ਪੀ ਰਹੀ ਸੀ, ਤਾਂ ਸੰਗਤ ਇਕੱਠੀ ਹੋ ਗਈ ਅਤੇ ਉਸ ਨੂੰ ਮੈਨੇਜਰ ਦੇ ਦਫ਼ਤਰ ਲੈ ਗਏ। ਇਸ ਦੌਰਾਨ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਇਕ ਸ਼ਰਧਾਲੂ ਨੇ ਗੁੱਸੇ ਵਿੱਚ ਆ ਕੇ ਉਸ ’ਤੇ ਪੰਜ ਗੋਲੀਆਂ ਚਲਾਈਆਂ। ਮਹਿਲਾ ਨੂੰ ਚਾਰ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਮਹਿਲਾ ਨੂੰ ਆਪਣੇ ਨਾਲ ਲਿਜਾਣ ਵਾਲੀ ਸੀ ਤਾਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਉਧਰ ਇਲਾਕੇ ਦੇ ਡੀਐੱਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਮਹਿਲਾ ਤੋਂ ਮਿਲੇ ਆਧਾਰ ਕਾਰਡ ’ਚ ਜੋ ਪਤਾ ਦਰਜ ਹੈ, ਉਥੇ ਉਹ ਹੁਣ ਨਹੀਂ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਇਕ ਨਸ਼ਾ ਛੁਡਾਊ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਕੌਰ ਨਸ਼ੇ ਦੀ ਆਦੀ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਗੋਲੀਆਂ ਮਾਰਨ ਮਗਰੋਂ ਨਿਰਮਲਜੀਤ ਸਿੰਘ ਸੈਣੀ ਮੌਕੇ ਤੋਂ ਭੱਜਿਆ ਨਹੀਂ ਅਤੇ ਉਸ ਨੇ ਪੁਲੀਸ ਕੋਲ ਸਮਰਪਣ ਕਰ ਦਿੱਤਾ।