ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):- ਦਮਦਮੀਂ ਟਕਸਾਲ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਇਲਾਕੇ ਦੀ ਸਮੂੰਹ ਸੰਗਤ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਂਦੇ ਹੋਏ 15 ਵਾਂ ਸਲਾਨਾ ਨਗਰ ਕੀਰਤਨ 27 ਅਕਤੂਬਰ, ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਸੰਬੰਧੀ ਗੁਰੂਘਰ ਦੇ ਪ੍ਰਬੰਧਕਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਸਥਾਨਿਕ ਮੀਡੀਏ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੁਰੂਆਤ ਦੇ ਸਮਾਗਮ ਗੁਰੂਘਰ ਵੱਲੋਂ ਅਰੰਭ ਕਰ ਦਿੱਤੇ ਗਏ ਹਨ।
ਇਸ ਸਮੇਂ ਗੁਰੂਘਰ ਦੇ ਮੁੱਖ ਸੇਵਾਦਾਰਾ ਵਿੱਚੋਂ ਭਾਈ ਜੋਵਨਪ੍ਰੀਤ ਸਿੰਘ ਨੇ ਗੁਰੂਘਰ ਦੇ ਵਿੱਚ ਹੋਣ ਵਾਲੇ ਗੁਰਮਿਤ ਸਮਾਗਮਾਂ ਅਤੇ 26 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ। ਜਦ ਕਿ ਭਾਈ ਜਗਰੂਪ ਸਿੰਘ ਨੇ ਨਗਰ ਕੀਰਤਨ ਦੇ ਰੂਟ ਅਤੇ ਪਾਰਕਿੰਗ ਬਾਰੇ ਵਿਸਥਾਰ ਨਾਲ ਦੱਸਿਆ ਕਿ ਬਣਾਏ ਗਏ ਖੁੱਲੇ ਪਾਰਕਿੰਗ ਲਾਟ ਤੋਂ ਗੁਰੂਘਰ ਤੱਕ ਸੰਗਤਾਂ ਨੂੰ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰਾਂ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ 27 ਅਕਤੂਬਰ ਨੂੰ ਸਵੇਰ ਸਮੇਂ ਗੁਰੂਘਰ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਨਗਰ ਕੀਰਤਨ ਗੁਰੂਘਰ ਤੋਂ ਠੀਕ 11 ਵਜ਼ੇ ਰਵਾਨਾ ਹੋ ਕੇ ਫਾਊਲਰ ਸ਼ਹਿਰ ਦੇ “ਡੌਨੀ ਰਾਈਟ ਪਾਰਕ” ਵਿੱਚ ਪੜਾਅ ਕਰੇਗਾ। ਜਿੱਥੇ ਸਟੇਜ਼ ਰਾਹੀਂ ਗੁਰਮਤਿ ਵਿਚਾਰਾਂ, ਢਾਡੀ, ਕਵੀਸਰ ਅਤੇ ਹੋਰ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਗੁਰੂਘਰ ਅਤੇ ਭਾਈਚਾਰੇ ਦੇ ਕਾਰਜ਼ਾ ਵਿੱਚ ਸਹਿਯੋਗ ਦੇਣ ਵਾਲੀਆਂ ਪ੍ਰਮੁੱਖ ਸਖਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇੱਥੇ ਗੁਰੂਘਰ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਗੁਰੂ ਦੇ ਲੰਗਰਾਂ ਦੇ ਸਟਾਲ ਵੀ ਲਾਏ ਜਾਣਗੇ। ਇਸ ਹੋਰ ਹਾਜ਼ਰ ਮੈਂਬਰਾਂ, ਸੇਵਾਦਾਰਾਂ ਅਤੇ ਸੰਗਤ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਇਸ ਨਗਰ ਕੀਰਤਨ ਨੂੰ ਲੈ ਕੇ ਇਲਾਕੇ ਦੀਆਂ ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਗਰ ਕੀਰਤਨ ਵਿੱਚ ਫਲੋਟ ਸਜਾਉਣ ਜਾਂ ਹੋਰ ਕਿਸੇ ਤਰ੍ਹਾਂ ਦੀ ਸੇਵਾ ਦੇ ਸਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਲਈ ਗੁਰੂਘਰ ਪ੍ਰਬੰਧਕਾਂ ਨਾਲ ਫੋਨ ‘ਤੇ ਭਾਈ ਹਰਪ੍ਰੀਤ ਸਿੰਘ (559) 859-0471 ਜਾਂ ਭਾਈ ਜਗਰੂਪ ਸਿੰਘ (209) 648-4994 ਰਾਹੀ ਸੰਪਰਕ ਕਰ ਸਕਦੇ ਹੋ। ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਹਮੇਸਾ ਦੀ ਤਰਾਂ ਇਲਾਕੇ ਦੀ ਸਮੂੰਹ ਸੰਗਤ ਨੂੰ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ।