ਐੱਸਏਐੱਸ ਨਗਰ (ਮੁਹਾਲੀ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਗੁਰਦੁਆਰਾ ਪ੍ਰਬੰਧਕੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਬੇਲੋੜੇ ਟਕਰਾਅ ਵਿੱਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅੱਜ ਇੱਥੇ ਗੱਲਬਾਤ ਦੌਰਾਨ ਭਾਜਪਾ ਆਗੂ ਬਲਬੀਰ ਸਿੱਧੂ ਨੇ ਕਿਹਾ ਕਿ ਭਾਵੇਂ ਪੂਰਾ ਸਿੱਖ ਜਗਤ ਇਸ ਗੱਲ ਦਾ ਹਾਮੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਬਾਰੇ ਕਿਸੇ ਇੱਕ ਅਦਾਰੇ ਦੀ ਇਜਾਰੇਦਾਰੀ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਰਾਹ ਮਾਨ ਸਰਕਾਰ ਅਪਣਾ ਰਹੀ ਹੈ, ਉਹ ਗ਼ੈਰ-ਸੰਵਿਧਾਨਕ ਹੈ। ਅਜਿਹੀ ਕਾਰਵਾਈ ਨਾਲ ਗੰਭੀਰ ਸਿੱਟੇ ਨਿਕਲਣ ਦਾ ਖ਼ਦਸ਼ਾ ਹੈ।