ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੀਤਕਾਰ ਅਤੇ ਅਦਾਕਾਰ ਗੁਰਦਾਸ ਮਾਨ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦਾ ਛੋਟਾ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਰਪੰਥ ਮਾਨ ਨੇ ਅੱਜ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਪਤਾ ਲੱਗਾ ਹੈ ਕਿ ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਜਾਣਕਾਰੀ ਮੁਤਾਬਕ ਗੁਰਪੰਥ ਮਾਾਨ ਗਿੱਦੜਬਾਹਾ ਕਸਬੇ ਦਾ ਰਹਿਣ ਵਾਲਾ ਸੀ। ਉਹ ਇੱਕ ਕਮਿਸ਼ਨ ਏਜੰਟ ਦੇ ਨਾਲ-ਨਾਲ ਕਿਸਾਨ ਵੀ ਸੀ। ਉਸ ਨੇ 68 ਸਾਲਾਂ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਲਗਭਗ ਦੋ ਮਹੀਨਿਆਂ ਤੋਂ ਮੋਹਾਲੀ ਦੇ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਸਨ। ਮ੍ਰਿਤਕ ਦੇ ਚਚੇਰੇ ਭਰਾ ਵਕੀਲ ਗੁਰਮੀਤ ਮਾਨ ਮੁਤਾਬਕ ਗੁਰਪੰਥ ਦੀ ਹਾਲਤ ਵਿੱਚ ਸੁਧਾਰ ਹੋਇਆ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਸੀ, ਪਰ ਅੱਜ ਉਸ ਦੀ ਬਿਮਾਰੀ ਕਾਰਨ ਮੌਤ ਹੋ ਗਈ।
ਗੁਰਪੰਥ ਦੇ ਪਿੱਛੇ ਉਸਦੀ ਪਤਨੀ, ਪੁੱਤਰ ਅਤੇ ਧੀ ਹੈ, ਦੋਵੇਂ ਬੱਚੇ ਵਿਦੇਸ਼ ਵਿੱਚ ਵਸ ਗਏ ਹਨ। ਉਹ ਗੁਰਦਾਸ ਮਾਨ ਅਤੇ ਉਨ੍ਹਾਂ ਦੀ ਭੈਣ ਵਿਚਕਾਰਲਾ ਭਰਾ ਸੀ। ਅੰਤਿਮ ਸੰਸਕਾਰ ਕੱਲ੍ਹ ਚੰਡੀਗੜ੍ਹ ਵਿੱਚ ਹੋਣਾ ਹੈ।