ਗੁਰਦਾਸਪੁਰ, ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਨਾਮ ਵਾਪਸ ਲਏ ਜਾਣ ਦੀ ਪ੍ਰਕਿਰਿਆ ਦੌਰਾਨ ਅਕਾਲੀ ਅਤੇ ਕਾਂਗਰਸੀ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਸਥਿਤ ਐਸਡੀਐਮ ਦਫ਼ਤਰ ਵਿੱਚ ਆਪਸ ਵਿੱਚ ਭਿੜ ਗਏ| ਇਸ ਭੇੜ ਵਿੱਚ ਕੁਰਸੀਆਂ ਵੀ ਚੱਲੀਆਂ ਅਤੇ ਕੁਝ ਲੋਕਾਂ ਦੀਆਂ ਪੱਗਾਂ ਵੀ ਲੱਥ ਗਈਆਂ| ਝਗੜੇ ਵਿੱਚ ਪੁਲੀਸ ਕਰਮਚਾਰੀਆਂ ਅਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ| ਪੁਲੀਸ ਨੇ ਮੌਕਾ ਸਾਂਭਣ ਲਈ ਹਲਕਾ ਲਾਠੀਚਾਰਜ ਵੀ ਕੀਤਾ|

ਯਾਦ ਰਹੇ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਅੱਜ ਨਾਮ ਵਾਪਸ ਲੈਣ ਦਾ ਦਿਨ ਸੀ| ਕਾਂਗਰਸ ਅਤੇ ਸ਼੍ੋਮਣੀ ਅਕਾਲੀ ਦਲ, ਦੋਵਾਂ ਪਾਰਟੀਆਂ ਦੇ ਉਮੀਦਵਾਰ ਆਪਣੇ ਸਮਰਥਕਾਂ ਸਹਿਤ ਐਸਡੀਐਮ ਦਫ਼ਤਰ ਪਹੁੰਚੇ ਹੋਏ ਸਨ| ਇਸ ਦੌਰਾਨ ਹੀ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿੱਚ ਕਿਸੇ ਗੱਲੋਂ ਤਕਰਾਰ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ| ਗਾਲੀ ਗਲੋਚ ਦੇ ਚਲਦਿਆਂ ਕੁਰਸੀਆਂ ਵੀ ਚੱਲੀਆਂ। ਕੁਝ ਅਨਸਰਾਂ ਨੇ ਇੱਕ ਦੂਜੇ ’ਤੇ ਇੱਟਾਂ ਪੱਥਰ ਵੀ ਸੁੱਟੇ| ਹਾਲਾਂਕਿ ਇਸ ਝੜਪ ਵਿੱਚ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ, ਪਰ ਅੱਧਾ ਦਰਜਨ ਦੇ ਕਰੀਬ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ| ਜਦੋਂ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਭਿੜੇ ਤਾਂ ਐਸਪੀ ਹੈੱਡਕੁਆਰਟਰ ਵਰਿੰਦਰ ਕੁਮਾਰ, ਐਸਪੀ (ਡੀ) ਹਰਵਿੰਦਰ ਸਿੰਘ , ਡੀਐਸਪੀ ਦੇਵ ਦੱਤ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਅਤੇ ਕੰਪਲੈਕਸ ਤੋਂ ਬਾਹਰ ਜਾਣ ਲਈ ਕਿਹਾ। ਪਰ ਜਦੋਂ ਦੋਵਾਂ ਪਾਸਿਉਂ ਕਿਸੇ ਨੇ ਪੁਲੀਸ ਦੀ ਗੱਲ ਨਾ ਸੁਣੀ ਤਾਂ ਪੁਲੀਸ ਨੇ ਹਲਕਾ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਦੇੜਿਆ| ਪ੍ਰਬੰਧਕੀ ਕੰਪਲੈਕਸ ਵਿੱਚ ਦੁਪਹਿਰ ਡੇਢ ਤੋੋ ਤਿੰਨ ਵਜੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ|
ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਨੇ ਕਿਹਾ ਕਿ ਇਹ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਮੁਕੰਮਲ ਕਰਵਾਈ ਗਈ ਸੀ| ਅੱਜ ਨਾਂ ਵਾਪਸ ਲੈਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਆਪਣੇ ਲੜਕੇ ਅਮਰਜੋਤ ਸਿੰਘ ਅਤੇ ਸਮਰਥਕਾਂ ਨਾਲ ਉੱਥੇ ਆਏ ਅਤੇ ਬਿਨਾਂ ਵਜ੍ਹਾ ਕਾਂਗਰਸੀ ਵਰਕਰਾਂ ’ਤੇ ਹਮਲਾ ਕਰ ਦਿੱਤਾ| ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਕਹੀ| ਉਧਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖਦਿਆਂ ਚੋਣਾਂ ਤੋਂ ਭੱਜ ਰਹੀ ਹੈ| ਇਸੇ ਤਹਿਤ ਜ਼ਿਆਦਾਤਰ ਅਕਾਲੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਾਂ ਤਾਂ ਰੱਦ ਕਰਵਾ ਦਿੱਤੀਆਂ ਗਈਆਂ ਹਨ ਜਾਂ ਫਿਰ ਉਨ੍ਹਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਗਏ|