ਚੰਡੀਗੜ੍ਹ : ਗੁਰਦਾਸਪੁਰ ’ਚ ਇਕ ਗ੍ਰੇਨੇਡ ਹਮਲੇ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਤਿੰਨ ਸ਼ੱਕੀ ਅਤਿਵਾਦੀਆਂ ਨੂੰ ਹਲਾਕ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ‘‘ਅੱਜ ਤਕ ਪੁਲਿਸ ਇਹ ਮਨਜ਼ੂਰ ਨਹੀਂ ਕਰ ਰਹੀ ਸੀ ਕਿ ਹਮਲਾ ਹੋਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਕ ਟਾਇਰ ਫਟ ਗਿਆ ਸੀ।’’

ਮੀਡੀਆ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸਥਿਰ ਕਰਨ ਅਤੇ ਸੂਬੇ ਨੂੰ ਨੁਕਸਾਨ ਪਹੁੰਚਾਉਣ ਲਈ ਵੱਡੀ ਸਾਜ਼ਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਉਦਯੋਗ ਇੱਥੋਂ ਜਾ ਰਹੇ ਹਨ, ਲੋਕ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ, ਨੌਜੁਆਨ ਡਰ ਕਾਰਨ ਜਾ ਰਹੇ ਹਨ।’’ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਕ ਦੂਜੇ ਨਾਲ ਮਿਲੀ ਹੋਈ ਹੈ ਅਤੇ ਦੋਵੇਂ ਇਕ ਟੀਚੇ ਲਈ ਕੰਮ ਕਰ ਰਹੇ ਹਨ ਕਿ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾਵੇ।
ਉਨ੍ਹਾਂ ਕਿਹਾ, ‘‘ਅੱਜ ਪਾਕਿਸਤਾਨ ਤੋਂ ਡਰੋਨ ਅਤੇ ਆਰ.ਡੀ.ਐਕਸ. ਪੰਜਾਬ ਆ ਰਹੇ ਹਨ। ਜਿਹੜੇ ਆਈ.ਈ.ਡੀ. ਲਗਾਏ ਗਏ ਹਨ ਉਹ ਕਿੱਥੋਂ ਆ ਰਹੇ ਹਨ? ਪੰਜਾਬ ਪੁਲਿਸ ਨੇ ਅਪਰਾਧੀਆਂ ਦੇ ਸਾਹਮਣੇ ਅਪਣੇ ਹਥਿਆਰ ਰੱਖ ਦਿਤੇ ਹਨ। ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ।’’

ਉਨ੍ਹਾਂ ਕਿਹਾ, ‘‘ਪੰਜਾਬ ਦੇ ਸੰਸਦ ਮੈਂਬਰਾਂ ਨੇ ਕਈ ਮੌਕਿਆਂ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੇ ਸਾਡੀ ਗੱਲ ਸੁਣਨ ਦੀ ਖੇਚਲ ਨਹੀਂ ਕੀਤੀ।’’ ਉਨ੍ਹਾਂ ਕਿਹਾ, ‘‘ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਪਾਕਿਸਤਾਨ ਪੰਜਾਬ ਰਾਹੀਂ ਭਾਰਤ ਨਾਲ ਅਸਿੱਧੀ ਜੰਗ ਲੜ ਰਿਹਾ ਹੈ।’’
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਸਦ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਉਨ੍ਹਾਂ ਨੂੰ ਕੌਮੀ ਸੁਰੱਖਿਆ ਨਾਲ ਜੁੜੇ ਮੁੱਦੇ ’ਤੇ ਉਨ੍ਹਾਂ ਨਾਲ ਚਰਚਾ ਕਰਨ ਦੀ ਜ਼ਰੂਰਤ ਹੈ ਤਾਂ, ‘‘ਸ਼ਾਹ ਨੇ ਮੈਨੂੰ ਕਿਹਾ ਸੀ ਕਿ ‘ਅਸੀਂ ਬਾਅਦ ’ਚ ਮਿਲਾਂਗੇ’, ਪਰ ਮੈਨੂੰ ਕਦੇ ਵੀ ਬੈਠਕ ਲਈ ਸਮਾਂ ਨਹੀਂ ਦਿਤਾ ਗਿਆ।’’

ਜ਼ਿਕਰਯੋਗ ਹੈ ਕਿ ਬਖਸ਼ੀਵਾਲਾ ਦੀ ਘਟਨਾ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ’ਚ ਪੰਜਾਬ ਦੇ ਅੰਮ੍ਰਿਤਸਰ ’ਚ ਇਸਲਾਮਾਬਾਦ ਥਾਣੇ ’ਚ ਧਮਾਕਾ ਹੋਇਆ ਸੀ। ਹਾਲਾਂਕਿ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਅੰਮ੍ਰਿਤਸਰ ਦੀ ਇਹ ਘਟਨਾ ਨਵਾਂਸ਼ਹਿਰ ’ਚ ਇਕ ਪੁਲਿਸ ਚੌਕੀ ’ਤੇ ਗ੍ਰਨੇਡ ਸੁੱਟੇ ਜਾਣ ਤੋਂ ਇਕ ਪੰਦਰਵਾੜੇ ਬਾਅਦ ਵਾਪਰੀ ਸੀ।