ਅਹਿਮਦਾਬਾਦ, 20 ਜੁਲਾਈ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਬੁੱਧਵਾਰ ਦੇਰ ਰਾਤ ਤੇਜ਼ ਰਫ਼ਤਾਰ ਕਾਰ ਹਾਦਸੇ ਵਾਲੀ ਥਾਂ ਉੱਤੇ ਖੜ੍ਹੀ ਭੀੜ ’ਤੇ ਚੜ੍ਹ ਗਈ, ਜਿਸ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਸ਼ਹਿਰ ਦੇ ਸੈਟੇਲਾਈਟ ਇਲਾਕੇ ‘ਚ ਸਰਖੇਜ-ਗਾਂਧੀਨਗਰ ਹਾਈਵੇਅ ‘ਤੇ ਸਥਿਤ ਇਸਕਾਨ ਪੁਲ ‘ਤੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਲੋਕ ਉਥੇ ਇਕੱਠੇ ਹੋ ਗਏ ਤੇ ਇਸ ਦੌਰਾਨ ਰਾਤ ਕਰੀਬ 1 ਵਜੇ ਇਕ ਤੇਜ਼ ਰਫਤਾਰ ਲਗਜ਼ਰੀ ਜੈਗੁਆਰ ਕਾਰ ਨੇ ਭੀੜ ’ਤੇ ਚੜ੍ਹ ਗਈ। ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਮੌਕੇ ‘ਤੇ ਪੁੱਜੇ ਕਾਂਸਟੇਬਲ ਅਤੇ ਹੋਮ ਗਾਰਡ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਸਨ, ਜਿਹੜੇ ਜੈਗੁਆਰ ਦੀ ਟੱਕਰ ਵਿੱਚ ਮਾਰੇ ਗਏ ਹਨ। ਕਾਰ ਦੇ ਡਰਾਈਵਰ ਤਥਯ ਪਟੇਲ ਨੂੰ ਵੀ ਸੱਟਾਂ ਲੱਗੀਆਂ ਅਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ਖੜ੍ਹੇ ਲੋਕਾਂ ਨੇ ਕਾਰ ਚਾਲਕ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਪੁਲ ਦੇ ਹੇਠਾਂ ਖੜ੍ਹੇ ਵਿਅਕਤੀ ਨੇ ਬਣਾਈ।