ਨਵੀਂ ਦਿੱਲੀ, 20 ਅਕਤੂਬਰ

ਸੁਪਰੀਮ ਕੋਰਟ ਨੇ ਗੁਜਰਾਤ ਹਾਈ ਕੋਰਟ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਬਲਾਤਕਾਰ ਦੇ ਦੋਸ਼ੀ ਆਸਾਰਾਮ ਦੇ ਪੁੱਤ ਨਰਾਇਣ ਸਾਈਂ ਨੂੰ 14 ਦਿਨਾਂ ਦੀ ‘ਫਰਲੋ’ ਦਿੱਤੀ ਗਈ ਸੀ। ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਬੀਵੀ ਨਾਗਰਤਨਾ ਦੇ ਬੈਂਚ ਨੇ ਗੁਜਰਾਤ ਸਰਕਾਰ ਦੀ ਉਸ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨੇ ਸਾਈਂ ਨੂੰ ਫਰਲੋ ਦੇਣ ਦੇ ਹਾਈ ਕੋਰਟ ਦੇ 24 ਜੂਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ‘ਫਰਲੋ’ ਪੂਰਨ ਅਧਿਕਾਰ ਨਹੀਂ ਹੈ ਅਤੇ ਇਸ ਨੂੰ ਦੇਣਾ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ। ਉਸ ਨੇ ਕਿਹਾ ਕਿ ਸਾਈ ਦੀ ਕੋਠੜੀ ਵਿੱਚੋਂ ਇਕ ਮੋਬਾਈਲ ਫੋਨ ਮਿਲਿਆ ਸੀ। ਇਸ ਲਈ ਜੇਲ ਅਧਿਕਾਰੀ ਨੇ ਉਸ ਨੂੰ ਫਰਲੋ ਦੇਣ ਦਾ ਵਿਰੋਧ ਕੀਤਾ ਸੀ।