ਚੰਡੀਗੜ੍ਹ, 4 ਅਗਸਤ
ਗੁਜਰਾਤ ਦੇ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਨੇ ਐਲਾਨ ਕੀਤਾ ਹੈ ਕਿ ਹਰੀ ਕਿ੍ਸ਼ਨਾ ਗਰੁੱਪ ਟੋਕੀਓ ਓਲੰਪਿਕ ਵਿੱਚ ਖੇਡ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੂੰ 11 ਲੱਖ ਰੁਪਏ ਕੀਮਤ ਦਾ ਮਕਾਨ ਜਾਂ ਇਕ ਕਾਰ ਤੋਹਫ਼ੇ ਵਜੋਂ ਦੇਵੇਗਾ। ਮਾਈਕਰੋਬਲੌਗਿਗ ਵੈੱਬਸਾਈਟ ’ਤੇ ਇਹ ਖ਼ਬਰ ਸ਼ੇਅਰ ਕਰਦਿਆਂ ਢੋਲਕੀਆ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਦਾ ਇਕ ਉਪਰਾਲਾ ਹੈ। ਹੀਰਾ ਕਾਰੋਬਾਰੀ ਨੇ ਟਵਿੱਟਰ ’ਤੇ ਲਿਖਿਆ, ‘‘ ਟੋਕੀਓ 2020 ਵਿੱਚ ਸਾਡੀਆਂ ਕੁੜੀਆਂ ਹਰ ਪਲ ਨਵਾਂ ਇਤਿਹਾਸ ਲਿਖ ਰਹੀਆਂ ਹਨ। ਅਸੀਂ ਪਹਿਲੀ ਵਾਰ ਆਸਟਰੇਲੀਆ ਨੂੰ ਹਰਾ ਕੇ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਪੁੱਜੇ ਹਾਂ। ਮੈਂ ਮੀਰਾਬਾਈ ਚਾਨੂ ਤੋਂ ਪ੍ਰੇਰਿਤ ਹਾਂ ਅਤੇ ਦੇਖਿਆ ਹੈ ਕਿ ਕਿਵੇਂ ਸਾਡੇ ਮੁਲਕ ਦੀਆਂ ਔਰਤਾਂ ਵੱਡੀਆਂ ਪੁਲਾਂਘਾਂ ਪੁੱਟ ਰਹੀਆਂ ਹਨ। ਚਾਨੂੰ ਇਕ ਆਮ ਘਰ ਵਿੱਚ ਰਹਿੰਦੀ ਹੈ, ਪਰ ਉਸ ਨੇ ਤਗਮਾ ਜਿੱਤਿਆ। ਮੈਂ 11 ਲੱਖ ਰੁਪਏ ਦੇਣ ਦਾ ਐਲਾਨ ਉਨ੍ਹਾਂ ਲਈ ਕਰ ਰਿਹਾ ਹਾਂ ਜਿਨ੍ਹਾਂ ਕੋਲ ਘਰ ਨਹੀਂ ਹੈ ਅਤੇ ਪੰਜ ਲੱਖ ਰੁਪਏ ਉਨ੍ਹਾਂ ਲਈ ਜਿਨ੍ਹਾਂ ਕੋਲ ਕਾਰ ਨਹੀਂ ਹੈ। ਮੈਂ ਇਹ ਐਲਾਨ ਸੈਮੀ ਫਾਈਨਲ ਮੈਚ ਵਿੱਚ ਮਹਿਲਾ ਹਾਕੀ ਟੀਮ ਦਾ ਮਨੋਬਲ ਵਧਾਉਣ ਲਈ ਕਰ ਰਿਹਾ ਹਾਂ। ’’