ਗੁਜਰਾਤ ਤੱਟ ਨੇੜੇ ਸ਼ੁਕਰਵਾਰ ਨੂੰ ਨਸ਼ੀਲੇ ਪਦਾਰਥ ਰੋਕੂ ਏਜੰਸੀਆਂ ਦੇ ਸਾਂਝੇ ਆਪਰੇਸ਼ਨ ’ਚ ਕਰੀਬ 700 ਕਿਲੋ ਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕਰਨ ਤੋਂ ਬਾਅਦ 8 ਈਰਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸਾਗਰ ਮੰਥਨ-4 ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਜਲ ਫ਼ੌਜ ਨੇ ਇਕ ਜਹਾਜ਼ ਦੀ ਪਛਾਣ ਕੀਤੀ ਅਤੇ ਉਸ ਨੂੰ ਰੋਕ ਦਿਤਾ।
ਐਨ.ਸੀ.ਬੀ. ਨੇ ਕਿਹਾ ਕਿ ਭਾਰਤੀ ਜਲ ਖੇਤਰ ’ਚ ਲਗਭਗ 700 ਕਿਲੋਗ੍ਰਾਮ ‘ਮੈਥਾਮਫੇਟਾਮਾਈਨ’ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਸੀ। ਇਸ ਮੁਹਿੰਮ ਦੌਰਾਨ ਅੱਠ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਅਪਣੇ ਆਪ ਨੂੰ ਈਰਾਨੀ ਦਸਿਆ।
ਇਹ ਕਾਰਵਾਈ ਐਨ.ਸੀ.ਬੀ., ਨੇਵੀ ਅਤੇ ਗੁਜਰਾਤ ਪੁਲਿਸ ਦੇ ਅਤਿਵਾਦ ਰੋਕੂ ਦਸਤੇ (ਏ.ਟੀ.ਐਸ.) ਨੇ ਸਾਂਝੇ ਤੌਰ ’ਤੇ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਆਪਰੇਸ਼ਨ ਸਾਡੀਆਂ ਏਜੰਸੀਆਂ ਦਰਮਿਆਨ ਸੁਚਾਰੂ ਤਾਲਮੇਲ ਦੀ ਚਮਕਦਾਰ ਉਦਾਹਰਣ ਹੈ।
ਇਕ ਪੋਸਟ ’ਚ ਸ਼ਾਹ ਨੇ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਸ਼ਾ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਕ ਕਦਮ ਵਜੋਂ, ਸਾਡੀਆਂ ਏਜੰਸੀਆਂ ਨੇ ਅੱਜ ਗੁਜਰਾਤ ’ਚ ਇਕ ਕੌਮਾਂਤਰੀ ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਅਤੇ 700 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ।’’