ਨਵੀਂ ਦਿੱਲੀ, 13 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਹੇਠ ਵੀਰਵਾਰ ਨੂੰ ਇਥੇ ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਹ ਇਕ ਪੁਰਾਣੇ ਕੇਸ ਵਿੱਚ ਮਹਿਲਾ ਦੇ ਅਪਮਾਨ ਦੇ ਦੋਸ਼ ਹੇਠ ਕੌਮੀ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ ਹੋਏ ਸਨ। ਇਸ ਮਗਰੋਂ ਦਿੱਲੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰਾਨ ਮਹਿਲਾ ਕੌਮੀ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਹੈ ਕਿ ‘ਆਪ’ ਵਰਕਰਾਂ ਨੇ ਉਸ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤੇ। ਮਹਿਲਾ ਕਮਿਸ਼ਨ ਨੇ ਗੋਪਾਲ ਇਟਾਲੀਆ ਨੂੰ ਸੰਮਨ ਭੇਜੇ ਸਨ। ਗੋਪਾਲ ਇਟਾਲੀਆ ਇਸ ਸੰਮਨ ਦਾ ਜਵਾਬ ਦੇਣ ਲਈ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ ਹੋਏ ਸਨ। ਉਨ੍ਹਾਂ ਕਿਹਾ ਕਿ ਲੀਕ ਹੋਈ ਵੀਡੀਓ ਵਿੱਚ ਉਹ ਖੁਦ ਸ਼ਾਮਲ ਨਹੀਂ ਹੈ। ਇਟਾਲੀਆ ਨੂੰ ਭੇਜੇ ਸੰਮਨ ਕਾਰਨ ‘ਆਪ’ ਕਾਰਕੁਨ ਰੋਹ ਵਿੱਚ ਸਨ ਜਿਸ ਕਾਰਨ ਰੇਖਾ ਸ਼ਰਮਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕਾਨੂੰਨ ਵਿਵਸਥਾ ਭੰਗ ਹੋਣ ਦੇ ਦੋਸ਼ ਹੇਠ ਗੋਪਾਲ ਇਟਾਲੀਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਖਬਰ ਦੇ ਵੇਰਵਿਆਂ ਅਨੁਸਾਰ ਇਕ ਵੀਡੀਓ ਲੀਕ ਹੋਈ ਸੀ ਜਿਸ ਵਿੱਚ ਗੋਪਾਲ ਇਟਾਲੀਆ ਪ੍ਰਧਾਨ ਮੰਤਰੀ ਮੋਦੀ ਬਾਰੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀਆਂ ਕਰ ਰਹੇ ਹਨ। ਭਾਜਪਾ ਆਗੂ ਸੰਬਿਤ ਪਾਤਰਾ ਨੇ ਇਨ੍ਹਾਂ ਟਿੱਪਣੀਆਂ ਕਾਰਨ ਗੋਪਾਲ ਇਟਾਲੀਆ ਦੀ ਆਲੋਚਨਾ ਵੀ ਕੀਤੀ ਸੀ।