ਮੁੰਬਈ, 6 ਜੁਲਾਈ

ਹਰਿਆਣੇ ਦੀ ਉੱਨੀ ਸਾਲਾਂ ਗਾਇਕਾ ਰੇਣੂਕਾ ਪੰਵਾਰ ਇਨ੍ਹੀਂ ਦਿਨੀ ਆਪਣੇ ਗਾਣੇ ‘52 ਗਜ਼ ਕਾ ਦਾਮਨ’ ਕਾਰਨ ਸੋੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਇੰਨਾ ਹੀ ਨਹੀਂ ਗਾਣੇ ਨੂੰ ਯੂ-ਟਿਊਬ ’ਤੇ ਇੱਕ ਸਾਲ ਤੋਂ ਘੱੱਟ ਸਮੇਂ ਵਿੱਚ ਸੌ ਕਰੋੜ ਤੋਂ ਵੀ ਵੱਧ (ਇੱਕ ਬਿਲੀਅਨ) ਲੋਕ ਦੇਖ ਚੁੱਕੇ ਹਨ। ਅੱਜ ਇੱਥੇ ਗੱਲਬਾਤ ਕਰਦਿਆਂ ਰੇਣੂਕਾ ਨੇ ਕਿਹਾ, ‘‘ਮੈਂ ਚੰਗਾ ਮਹਿਸੂਸ ਕਰ ਰਹੀ ਹਾਂ ਅਤੇ ਮੈਨੂੰ ਟੀਮ ’ਤੇ ਮਾਣ ਹੈ। ਇਹ ਪਹਿਲੀ ਵਾਰ ਹੈ ਕਿ ਇੱਕ ਆਮ ਹਰਿਆਣਵੀ ਕੁੜੀ ਵੱਲੋਂ ਗਾਏ ਗਾਣੇ ਨੂੰ ਯੂ-ਟਿਊਬ ’ਤੇ ਇੱਕ ਅਰਬ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਹੈ।’’ ਗਾਇਕਾ ਨੇ ਇਸ ਗਾਣੇ ਨੂੰ ਉਸ ਦੀ ਜ਼ਿੰਦਗੀ ਬਦਲਣ ਵਾਲਾ ਗੀਤ ਦੱਸਿਆ। ਉਸ ਨੇ ਕਿਹਾ, ‘‘ਮੈਂ ‘52 ਗਜ਼ ਕਾ ਦਾਮਨ’ ਤੋਂ ਇਲਾਵਾ ਕਈ ਹੋਰ ਗਾਣੇ ਜਿਵੇਂ ‘ਊਚੀ ਹਵੇਲੀ’ ਅਤੇ ‘ਬਲਾਏਂ’ ਵੀ ਗਾਏ ਪਰ ਮੈਨੂੰ ਸਫ਼ਲਤਾ ਇਸ ਗਾਣੇ ਕਾਰਨ ਮਿਲੀ।’’ ਰੇਣੂਕਾ ਨੇ ਆਪਣੇ ਸੰਗੀਤ ਦੇ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਨੇ ਗਾਣੇ ਨੂੰ ਸਫ਼ਲ ਬਣਾਉਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।