ਗਾਜ਼ੀਪੁਰ, 2 ਨਵੰਬਰ
ਇਥੇ ਭਿਆਨਕ ਸੜਕ ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ। ਇਥੇ ਟਰੱਕ ਡਰਾਈਵਰ ਮੋਟਰ ਸਾਈਕਲ ਸਵਾਰਾਂ ਨੂੰ ਬਚਾਉਣ ਦੇ ਚੱਕਰ ਵਿਚ ਸੜਕ ਕਿਨਾਰੇ ਚਾਹ ਪੀ ਰਹੇ ਲੋਕਾਂ ’ਤੇ ਜਾ ਚੜ੍ਹਿਆ। ਇਸ ਤੋਂ ਬਾਅਦ ਟਰੱਕ ਝੌਂਪੜੀ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਜਣਿਆਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਚਾਰ ਹੋਰ ਜਣੇ ਗੰਭੀਰ ਜ਼ਖਮੀ ਹੋ ਗਏ। ਪਿੰਡ ਵਾਸੀਆਂ ਨੇ ਟਰੱਕ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਉਸ ਦੀ ਚੰਗੀ ਭੁਗਤ ਸੁਆਰੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸੜਕ ਜਾਮ ਕਰ ਦਿੱਤੀ ਤੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।