ਮੁੰਬਈ, 24 ਅਕਤੂਬਰ
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀਸੀਸੀਆਈ ਦੇ 39ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਦਿਆਂ ਭ੍ਰਿਸ਼ਟਾਚਾਰ ਮੁਕਤ ਅਤੇ ਵਿਤਕਰੇ ਰਹਿਤ ਕਾਰਜਕਾਲ ਦੇਣ ਦਾ ਵਾਅਦਾ ਕੀਤਾ। 47 ਸਾਲਾ ਗਾਂਗੁਲੀ ਨੂੰ ਦੁਨੀਆਂ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੀ ਆਮ ਸਭਾ ਦੀ ਅਗਲੀ ਮੀਟਿੰਗ ਤੱਕ ਅਧਿਕਾਰਤ ਤੌਰ ’ਤੇ ਇਹ ਜ਼ਿੰਮੇਵਾਰੀ ਸੌਂਪੀ ਗਈ। ਗਾਂਗੁਲੀ ਦੀ ਪ੍ਰਧਾਨਗੀ ਦਾ ਕਾਰਜਕਾਲ ਨੌਂ ਮਹੀਨਿਆਂ ਦਾ ਹੈ, ਜੋ ਅਗਲੇ ਸਾਲ ਜੁਲਾਈ ਵਿੱਚ ਖ਼ਤਮ ਹੋਵੇਗਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦਾ 33 ਮਹੀਨਿਆਂ ਦਾ ਕਾਰਜਕਾਲ ਖ਼ਤਮ ਹੋ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੜਕੇ ਜੈ ਸ਼ਾਹ ਨੂੰ ਸਕੱਤਰ ਬਣਾਇਆ ਗਿਆ। ਉਹ ਬੀਸੀਸੀਆਈ ਦਾ ਸਭ ਤੋਂ ਛੋਟੀ ਉਮਰ ਦਾ ਅਹੁਦੇਦਾਰ ਹੈ। ਜੈ 2009 ਤੋਂ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨਾਲ ਜੁੜਿਆ ਰਿਹਾ ਹੈ। ਉਹ ਸਤੰਬਰ 2013 ਵਿੱਚ ਜੀਸੀਏ ਦਾ ਜੁਆਇੰਟ ਸਕੱਤਰ ਬਣਿਆ ਸੀ। ਸਿਆਸੀ ਪਰਿਵਾਰਕ ਪਿਛੋਕੜ ਵਾਲੇ ਅਰੁਨ ਸਿੰਘ ਧੂਮਲ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਅਨੁਰਾਗ ਠਾਕੁਰ ਦਾ ਛੋਟਾ ਭਰਾ ਧੂਮਲ 2012 ਤੋਂ 2015 ਦੌਰਾਨ ਹਿਮਾਚਲ ਕ੍ਰਿਕਟ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਰਿਹਾ, ਜਦੋਂਕਿ ਠਾਕੁਰ ਪ੍ਰਧਾਨ ਸੀ। ਜਯੈੱਸ਼ ਜੌਰਜ ਨੂੰ ਜੁਆਇੰਟ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਹੈ। 50 ਸਾਲਾ ਜੌਰਜ ਨੂੰ ਕ੍ਰਿਕਟ ਪ੍ਰਸ਼ਾਸਨ ਵਿੱਚ ਕਈ ਸਾਲਾਂ ਦੀ ਮੁਹਾਰਤ ਹੈ, ਜੋ ਕੇਰਲ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ, ਜੁਆਇੰਟ ਸਕੱਤਰ, ਖ਼ਜ਼ਾਨਚੀ ਅਤੇ ਪ੍ਰਧਾਨ ਰਹੇ। ਮੀਤ ਪ੍ਰਧਾਨ ਬਣੇ ਮਾਹਿਮ ਵਰਮਾ ਦੇ ਪਿਤਾ ਪੀਸੀ ਵਰਮਾ ਉਤਰਾਖੰਡ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਰਹੇ। ਮਾਹਿਮ ਸੀਏਯੂ ਦਾ ਜੁਆਇੰਟ ਸਕੱਤਰ ਵੀ ਰਿਹਾ ਹੈ। ਸਤੰਬਰ ਵਿੱਚ ਉਸ ਨੂੰ ਸਕੱਤਰ ਚੁਣਿਆ ਗਿਆ, ਜਦੋਂ ਐਸੋਸੀਏਸ਼ਨ ਨੂੰ ਬੀਸੀਸੀਆਈ ਤੋਂ ਮਾਨਤਾ ਮਿਲੀ ਸੀ। ਗਾਂਗੁਲੀ ਨੇ ਕਿਹਾ ਕਿ ਉਹ ਬੋਰਡ ਦੀ ਅਗਵਾਈ ਉਸੇ ਤਰ੍ਹਾਂ ਕਰੇਗਾ, ਜਿਸ ਤਰ੍ਹਾਂ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। 18 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਗਾਂਗੁਲੀ ਨੇ ਸੰਕੇਤ ਦਿੱਤਾ ਕਿ ਉਹ ਬਿਨਾਂ ਕਿਸੇ ਦੇ ਪ੍ਰਭਾਵ ਹੇਠ ਆਏ ਬੀਸੀਸੀਆਈ ਦਾ ਕੰਮ-ਕਾਜ ਸੰਭਾਲੇਗਾ।