ਮੁੰਬਈ:ਗਲੋਬਲ ਸਿਟੀਜ਼ਨ ਫੈਸਟੀਵਲ ਦੇ ਸਿੱਧੇ ਪ੍ਰਸਾਰਨ ਦੀ ਮੇਜ਼ਬਾਨੀ ਲਈ ਇੱਕ ਵਾਰ ਫਿਰ ਮੁੰਬਈ ਨੂੰ ਚੁਣਿਆ ਗਿਆ ਹੈ। 25 ਸਤੰਬਰ ਨੂੰ ਵਿਸ਼ਵ ਪੱਧਰ ’ਤੇ ਹੋਣ ਵਾਲੇ ਇਸ ਦੇ ਪ੍ਰਸਾਰਨ ਦੌਰਾਨ ਮੁੰਬਈ ਭਾਰਤ ਦੀ ਨੁਮਾਇੰਦਗੀ ਕਰੇਗਾ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਅਦਾਕਾਰ ਅਨਿਲ ਕਪੂਰ ਕਰੇਗਾ। ਇਸ ਤੋਂ ਪਹਿਲਾਂ 2016 ਵਿੱਚ ਮੁਬੰਈ ਗਲੋਬਲ ਸਿਟੀਜ਼ਨ ਫੈਸਟੀਵਲ ਦੀ ਸੂਚੀ ਦਾ ਹਿੱਸਾ ਸੀ। ਵਿਜ਼ਕ੍ਰਾਫਟ ਦੀ ਭਾਈਵਾਲੀ ਵਾਲੇ ਇਸ ਸ਼ੋਅ ਵਿੱਚ ਸਦਗੁਰੂ, ਅਮਿਤਾਭ ਬੱਚਨ, ਆਯੂਸ਼ਮਾਨ ਖੁਰਾਣਾ, ਅਰਜੁਨ ਕਪੂਰ, ਅਨੰਨਿਆ ਪਾਂਡੇ, ਭੂਮੀ ਪੇਡਨੇਕਰ, ਦੀਆ ਮਿਰਜ਼ਾ, ਫਰਹਾਨ ਅਖ਼ਤਰ, ਰਿਤਿਕ ਰੌਸ਼ਨ, ਜਾਹਨਵੀ ਕਪੂਰ, ਕਿਆਰਾ ਅਡਵਾਨੀ, ਰਿਤੇਸ਼ ਦੇਸ਼ਮੁਖ, ਸਾਰਾ ਅਲੀ ਖਾਨ ਅਤੇ ਸੋਨਾਕਸ਼ੀ ਸਿਨਹਾ ਸ਼ਾਮਲ ਹੋਣਗੇ। ਗਲੋਬਲ ਸਿਟੀਜ਼ਨ ਲਾਈਵ ਦਾ ਮਕਸਦ ਭਾਰਤ ਅਤੇ ਜੀ20 ਵਿੱਚ ਗਲੋਬਲ ਵਾਰਮਿੰਗ ਦੀ ਰੋਕਥਾਮ ਲਈ ਕਾਰਬਨ ਨਿਕਾਸੀ ਘਟਾਉਣਾ ਹੈ। ਇਹ ਅਮੀਰ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀਆਂ ਪੌਣ-ਪਾਣੀ ਨਾਲ ਸਬੰਧਤ ਲੋੜਾਂ ਪੂਰੀਆਂ ਕਰਨ ਲਈ ਸਾਲਾਨਾ 100 ਅਰਬ ਡਾਲਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਕਹਿੰਦਾ ਹੈ। ਮਹਾਰਾਸ਼ਟਰ ਦੇ ਸੈਰ ਸਪਾਟਾ ਅਤੇ ਵਾਤਾਵਰਨ ਮੰਤਰੀ ਆਦਿੱਤਿਆ ਠਾਕਰੇ ਨੇ ਕਿਹਾ, ‘‘ਜਦੋਂ ਜਲਵਾਯੂ ਤਬਦੀਲੀ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲ ਨੁਕਸਾਨ ਦੀ ਪੂਰਤੀ ਕਰਨ ਦਾ ਸਮਾਂ ਘਟਦਾ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਗਲੋਬਲ ਸਿਟੀਜ਼ਨ ਫੈਸਟੀਵਲ ਜਲਵਾਯੂ ਤਬਦੀਲੀ ਨਾਲ ਲੜਨ ਸਬੰਧੀ ਇਸ ਮੁਹਿੰਮ ਨੂੰ ਵਿਸ਼ਵ ਮੰਚ ’ਤੇ ਲਿਜਾਵੇਗਾ।’’