ਚੰਡੀਗੜ੍ਹ, 26 ਅਗਸਤ 2019

ਲੁਧਿਆਣਾ ਦੇ ਜਮਾਲਪੁਰ ਸਥਿਤ ਗੁਰਦੁਆਰਾ ਰਵਿਦਾਸ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਗਲਾਡਾ ਰਾਹੀਂ ਨੋਟਿਸ ਜਾਰੀ ਕਰਨ ਦੇ ਮਾਮਲੇ ਨੂੰ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ ਦੇ ਹੱਲ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਚੀਮਾ ਨੇ ਇਸ ਬਾਰੇ ਮੁੱਖ ਮੰਤਰੀ ਨੂੰ ਪੱਤਰ ਡੀਓ ਨੋਟ ਲਿਖ ਕੇ ਸੁਚੇਤ ਕੀਤਾ ਹੈ ਕਿ ਸੂਬਾ ਸਰਕਾਰ ਦਿੱਲੀ ‘ਚ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਵਾਲੀ ਗ਼ਲਤੀ ਤੋਂ ਸਬਕ ਸਿੱਖੇ ਅਤੇ ਅਜਿਹਾ ਕੋਈ ਕਦਮ ਨਾ ਉਠਾਇਆ ਜਾਵੇ ਜਿਸ ਨਾਲ ਕਰੋੜਾਂ ਲੋਕਾਂ ਦੀ ਧਾਰਮਿਕ ਭਾਵਨਾਵਾਂ ‘ਤੇ ਸੱਟ ਵੱਜੇ ਅਤੇ ਅਮਨ-ਕਾਨੂੰਨ ਜਾਂ ਆਪਸੀ ਭਾਈਚਾਰਕ ਸਾਂਝ ਕਸੌਟੀ ‘ਤੇ ਆ ਜਾਵੇ।

ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਤੁਗਲਕਾਬਾਦ ਮੰਦਰ ਨੂੰ ਢਾਹੇ ਜਾਣ ਉਪਰੰਤ ਦਿੱਲੀ-ਪੰਜਾਬ ਸਮੇਤ ਦੇਸ਼ ਭਰ ‘ਚ ਪੈਦਾ ਹੋਏ ਰੋਹ ਨੂੰ ਅੱਖੀਂ ਦੇਖਣ ਦੇ ਬਾਵਜੂਦ ਗਲਾਡਾ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਨੂੰ ਨੋਟਿਸ ਜਾਰੀ ਕਰਨਾ ਸਾਧਾਰਨ ਗੱਲ ਨਹੀਂ, ਇਸ ਪਿੱਛੇ ਭਾਜਪਾ ਦੀ ਉਹੀ ਸੋਚ ਕੰਮ ਕਰ ਰਹੀ ਹੈ ਜੋ ਦਿੱਲੀ ‘ਚ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਪਿੱਛੇ ਸੀ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਅਤੇ ਗੱਲਾਂ ਤੋਂ ਅਕਸਰ ਇੰਜ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੱਖਿਆ ਸਲਾਹਕਾਰ ਅਜੀਤ ਡੋਵਾਲ ਚਲਾ ਰਿਹਾ ਹੋਵੇ। ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਕਾਰਾਤਮਿਕ ਟਿੱਪਣੀਆਂ ਨੂੰ ਹੁਣ ਭਾਜਪਾ ਦੇ ਆਗੂਆਂ ਨੇ ਦੋ ਕਦਮ ਅੱਗੇ ਵਧਦਿਆਂ ਦੁਹਰਾਉਣਾ ਸ਼ੁਰੂ ਕਰ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਦਾ ਕਰਤਾਰਪੁਰ ਲਾਂਘੇ ਦੇ ਵਿਰੋਧ ‘ਚ ਦਿੱਤਾ ਬਿਆਨ ਇਸ ਦੀ ਤਾਜ਼ਾ ਮਿਸਾਲ ਹੈ।

ਚੀਮਾ ਨੇ ਕਿਹਾ ਕਿ ਭਾਜਪਾ ਦੇਸ਼ ‘ਚ ਧਰਮ, ਜਾਤ, ਨਸਲ ਅਤੇ ਖ਼ਿੱਤਿਆਂ ਦੇ ਆਧਾਰ ‘ਤੇ ਸਿਆਸਤ ਦਾ ਧਰੁਵੀਕਰਨ (ਪੋਲਰਾਇਜੇਸ਼ਨ) ਕਰਨ ਦੀ ਰਾਜਨੀਤੀ ਕਰ ਰਹੀ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੇ ਵੰਡ ਪਾਉ ਜਾਲ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦੀ ਸੌੜੀ ਅਤੇ ਸਵਾਰਥੀ ਸਿਆਸਤ ਨੇ ਪੰਜਾਬ ਨੂੰ ਪਹਿਲਾਂ ਹੀ 50 ਸਾਲ ਪਿੱਛੇ ਸੁੱਟ ਦਿੱਤਾ ਹੈ।

ਚੀਮਾ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਜਮਾਲਪੁਰ ਦੇ ਗੁਰਦੁਆਰਾ ਰਵਿਦਾਸ ਮਾਮਲੇ ਨੂੰ ਸਮਾਂ ਰਹਿੰਦੇ ਪੱਕੇ ਤੌਰ ‘ਤੇ ਹੱਲ ਕਰੇ ਅਤੇ ਗੁਰੂ ਰਵਿਦਾਸ ਅਤੇ ਪੰਥ ‘ਚ ਆਸਥਾ ਰੱਖਣ ਵਾਲੇ ਇੱਕ ਵੀ ਨਾਗਰਿਕ ਦੇ ਮਨ ‘ਚ ਇਹ ਭੈਅ ਜਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਉਨ੍ਹਾਂ ਦੇ ਸਮਾਜ ਅਤੇ ਗੁਰੂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।