ਨਵੀਂ ਦਿੱਲੀ, 22 ਨਵੰਬਰ
ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੂੰ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਅਤੇ ਹੌਸਲੇ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਾਵਾਰ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਹੈ। ਅਭਿਨੰਦਨ ਨੇ 2019 ਵਿੱਚ ਪਾਕਿਸਤਾਨ ਨਾਲ ਹਵਾਈ ਸੰਘਰਸ਼ ਦੌਰਾਨ ਦੁਸ਼ਮਣ ਦੇ ਐੱਫ-16 ਲੜਾਕੂ ਜਹਾਜ਼ ਨੂੰ ਡੇਗਿਆ ਸੀ ਅਤੇ ਪਾਕਿਸਤਾਨ ਵੱਲੋਂ ਅਭਿਨੰਦਨ ਨੂੰ ਤਿੰਨ ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ। ਸਨਮਾਨ ਨਾਲ ਦਿੱਤੇ ਗਏ ਪ੍ਰਸ਼ੰਸ਼ਾ ਪੱਤਰ ਵਿੱਚ ਕਿਹਾ ਗਿਆ ਕਿ ਹਵਾਈ ਸੈਨਾ ਦੇ ਲੜਾਕੂ ਪਾਇਲਟ ਨੂੰ ਹਵਾਈ ਸੰਘਰਸ਼ ਦੌਰਾਨ ‘ਫਰਜ਼ਾਂ ਦੀ ਗ਼ੈਰਸਧਾਰਨ ਭਾਵਨਾ’ ਵਿਖਾਉਣ ਲਈ ਭਾਰਤ ਦੇ ਤੀਜੇ ਸਭ ਤੋਂ ਵੱਡੇ ‘ਜੰਗੀ ਬਹਾਦਰੀ ਤਗ਼ਮੇ’ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਕਈ ਹੋਰ ਫੌਜੀ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਹਵਾਈ ਸੈਨਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਅਭਿਨੰਦਨ ਨੂੰ ਗਰੁੱਪ ਕੈਪਟਨ ਵਜੋਂ ਤਰੱਕੀ ਦਿੱਤੀ ਗਈ ਸੀ। ਪਾਕਿਸਤਾਨ ਨਾਲ ਹਵਾਈ ਸੰਘਰਸ਼ ਸਮੇਂ ਉਹ ਵਿੰਗ ਕਮਾਂਡਰ ਦੇ ਅਹੁਦੇ ’ਤੇ ਸਨ।