ਨਵੀਂ ਦਿੱਲੀ, 28 ਜੁਲਾਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਜ ਸਭਾ ’ਚੋਂ ਮੁਅੱਤਲ ਕੀਤੇ ਗਏ ‘ਆਪ’ ਮੈਂਬਰ ਸੰਜੈ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਸਮੇਂ ਧਰਨੇ ’ਤੇ ਨਾ ਬੈਠੇ ਰਹਿਣ ਅਤੇ ਜਦੋਂ ਸੰਸਦ ਦੀ ਕਾਰਵਾਈ ਖ਼ਤਮ ਹੋ ਜਾਵੇ ਤਾਂ ਰੋਜ਼ਾਨਾ ਆਪਣਾ ਧਰਨਾ ਵੀ ਖ਼ਤਮ ਕਰ ਦਿਆ ਕਰਨ। ਖੜਗੇ ਨੇ ਅੱਜ ਕਾਂਗਰਸ ਦੇ ਹੋਰ ਮੈਂਬਰਾਂ ਨਾਲ ਸੰਜੈ ਸਿੰਘ ਦੇ ਧਰਨੇ ’ਚ ਸ਼ਮੂਲੀਅਤ ਕੀਤੀ ਜਿਸ ਦੌਰਾਨ ਉਨ੍ਹਾਂ ‘ਆਪ’ ਆਗੂ ਨੂੰ ਇਹ ਸੁਝਾਅ ਦਿੱਤਾ। ਉਨ੍ਹਾਂ ਸੰਜੈ ਸਿੰਘ ਨੂੰ ਕਿਹਾ ਕਿ ਦਿਨ ਵੇਲੇ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਅਤੇ ਦੋਵੇਂ ਸਦਨਾਂ ਨੂੰ ਉਠਾਉਣ ਤੱਕ ਹੀ ਧਰਨਾ ਦਿੱਤਾ ਜਾਣਾ ਚਾਹੀਦਾ ਹੈ। ਸੰਜੈ ਸਿੰਘ ਨੇ ਖੜਗੇ ਦੇ ਸੁਝਾਅ ’ਤੇ ਸਹਿਮਤੀ ਜਤਾਈ ਅਤੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਆਗੂ ਵੱਲੋਂ ਆਖੀ ਗਈ ਗੱਲ ਦਾ ਪਾਲਣ ਕਰਨਗੇ। ਉਂਜ ਉਨ੍ਹਾਂ ਆਪਣੀ ਪਾਰਟੀ ਦੇ ਫ਼ੈਸਲੇ ਦਾ ਅਜੇ ਰਸਮੀ ਐਲਾਨ ਕਰਨਾ ਹੈ।