ਜੰਗਲ ’ਚ ਇਕ ਅਜੀਬ ਬਿਮਾਰੀ ਫੈਲਣ ਨਾਲ ਜੰਗਲ ਦੇ ਬਹੁਤੇ ਜਾਨਵਰ ਬਿਮਾਰ ਹੋ ਗਏ ਤੇ ਕਈਆਂ ਦੀ ਮੌਤ ਹੋ ਗਈ। ਬਿਮਾਰੀ ਦੇ ਡਰ ਕਾਰਨ ਜਾਨਵਰ ਇਕੱਠੇ ਹੋ ਕੇ ਸ਼ੇਰ ਦੇ ਦਰਬਾਰ ’ਚ ਪਹੁੰਚ ਗਏ। ਸ਼ੇਰ ਨੇ ਆਪਣੀ ਪਰਜਾ ਦੀ ਹਾਲ ਦੁਹਾਈ ਸੁਣ ਕੇ ਪੁੱਛਿਆ ‘ਕੀ ਸਮੱਸਿਆ ਹੈ ?’
ਇਕ ਹਾਥੀ ਅੱਗੇ ਆਇਆ ਤੇ ਕਹਿਣ ਲੱਗਾ ‘ਮਹਾਰਾਜ ਜੰਗਲ ’ਚ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਹੈ,ਜਿਸ ਨਾਲ ਕਈ ਜਾਨਵਰ ਮਰ ਗਏ ਹਨ।’
‘ਕਿਹੜੀ ਬਿਮਾਰੀ ਹੈ ? ਵੈਦ ਜੀ ਕੀ ਕਹਿੰਦੇ ਨੇ ?’ ਜਾਨਵਰਾਂ ਦੀ ਮੌਤ ਬਾਰੇ ਸੁਣ ਰਾਜਾ ਪ੍ਰੇਸ਼ਾਨ ਹੋ ਗਿਆ ਅਤੇ ਉਸਨੇ ਇਕੱਠੇ ਕਈ ਪ੍ਰਸ਼ਨ ਕੀਤੇ।
‘ਹਾਂ ਬਈ ਸਭਾਪਤਿਓ ਇਸ ਬਿਪਤਾ ਦੀ ਘੜੀ ’ਚ ਫਿਰ ਕੀ ਕੀਤਾ ਜਾ ਸਕਦਾ ਹੈ ?” ਸ਼ੇਰ ਨੇ ਆਪਣੇ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੁੱਛਿਆ।
ਦਰਬਾਰ ’ਚ ਸੁੰਨ ਪਸਰ ਗਈ। ਕੁਝ ਦੇਰ ਬਾਅਦ ਖਰਗੋਸ਼ ਨੇ ਖੜ੍ਹੇ ਹੋ ਕੇ ਕਿਹਾ,
‘ਮਹਾਰਾਜ, ਮੈਨੂੰ ਲੱਗਦਾ ਇਹ ਬਿਮਾਰੀ ਕਿਸੇ ਹੋਰ ਪ੍ਰਦੇਸ਼ ਦੀ ਹੈ। ਪਹਿਲਾਂ ਤਾਂ ਕਦੇ ਅਜਿਹਾ ਨਹੀਂ ਹੋਇਆ, ਸਾਨੂੰ ਤੁਰੰਤ ਦੂਜੇ ਰਾਜਾਂ ’ਚੋਂ ਵੈਦ ਬੁਲਾਉਣੇ ਚਾਹੀਦੇ ਹਨ।’
‘ਹੋਰ ਕੋਈ ਵਿਚਾਰ!’ ਸ਼ੇਰ ਨੇ ਸੋਚਦਿਆਂ ਕਿਹਾ।
‘ਮਹਾਰਾਜ ਮੈਨੂੰ ਇਹ ਕੋਈ ਬਿਮਾਰੀ ਨਹੀਂ ਲੱਗਦੀ। ਜ਼ਰੁੂਰ ਤੁਹਾਡੇ ਰਾਜ ’ਤੇ ਕਿਸੇ ਬੁਰੀ ਸ਼ਕਤੀ ਦਾ ਸਾਇਆ ਹੈ।’ ਲੂੰਬੜੀ ਨੇ ਉੱਠਦੇ ਹੋਏ ਕਿਹਾ। ਭੇੜੀਏ ਨੇ ਵੀ ਲੂੰਬੜੀ ਦੀ ਹਾਮੀ ਭਰੀ।
‘ਫਿਰ ਇਸਦਾ ਕੀ ਉਪਾਅ ਹੋਣਾ ਚਾਹੀਦਾ ਹੈ।’ ਸ਼ੇਰ ਗੁੱਸੇ ’ਚ ਦਹਾੜਿਆ।
‘ਪਰ ਮਹਾਰਾਜ ਦੂਜੇ ਰਾਜਾਂ ’ਚੋਂ ਵੈਦ…।’ ਖਰਗੋਸ਼ ਉੱਠ ਕੇ ਦੁਬਾਰਾ ਕਹਿਣ ਹੀ ਲੱਗਿਆ ਸੀ ਕਿ ਲੂੰਬੜੀ ਉਸਦੀ ਗੱਲ ਕੱਟਦੇ ਹੋਏ ਕਹਿਣ ਲੱਗੀ :
‘ਖਰਗੋਸ਼ ਜੀ ਤੁਸੀਂ ਇਹ ਕਿਉਂ ਨਹੀਂ ਸਮਝਦੇ, ਜੇਕਰ ਵੈਦਾਂ ਕੋਲ ਇਸ ਬਿਮਾਰੀ ਦਾ ਹੱਲ ਹੁੰਦਾ ਤਾਂ ਕੀ ਆਪਣੇ ਰਾਜ ਦੇ ਵੈਦਾਂ ਦੀ ਕਾਬਲੀਅਤ ’ਤੇ ਤੁਹਾਨੂੰ ਸ਼ੱਕ ਹੈ?’
ਫਿਰ ਉਹ ਸ਼ੇਰ ਵੱਲ ਸੰਬੋਧਨ ਕਰਕੇ ਕਹਿਣ ਲੱਗੀ, ‘ਮਹਾਰਾਜ ਇਹ ਜ਼ਰੂਰ ਕਿਸੇ ਓਪਰੀ ਸ਼ੈਅ ਦਾ ਕੰਮ ਹੈ ਅਤੇ ਇਸਦਾ ਉਪਾਅ ਕਰਨ ਵਾਲੇ ਨੂੰ ਵੀ ਮੈਂ ਜਾਣਦੀ ਹਾਂ। ਆਪਣੇ ਜੰਗਲ ’ਚ ਇਕ ਮਿੱਕੂ ਬਾਂਦਰ ਰਹਿੰਦਾ ਹੈ ਜੋ ਪਹਾੜਾਂ ’ਚ ਕਈ ਸਾਲ ਤਪੱਸਿਆ ਕਰਕੇ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਕੇ ਆਇਆ ਹੈ। ਉਹ ਹੀ ਇਸਦਾ ਉਪਾਅ ਕਰ ਸਕਦਾ ਹੈ।’
‘ਚਲੋ ਫਿਰ ਬਿਨਾਂ ਦੇਰ ਕੀਤਿਆਂ ਆਪਾਂ ਉਸ ਕੋਲ ਚੱਲਦੇ ਹਾਂ।’ ਸ਼ੇਰ ਨੇ ਉੱਠ ਕੇ ਤੁਰਦੇ ਹੋਏ ਕਿਹਾ। ਅੱਗੇ-ਅੱਗੇ ਲੂੰਬੜੀ ਤੇ ਪਿੱਛੇ ਸ਼ੇਰ ਮਹਾਰਾਜ ਅਤੇ ਉਸ ਤੋਂ ਪਿੱਛੇ ਪਰਜਾ ਰੂਪੀ ਜਾਨਵਰ ਜੰਗਲ ਵਿਚਕਾਰ ਮਿੱਕੂ ਬਾਂਦਰ ਕੋਲ ਪਹੁੰਚ ਗਏ। ਮਿੱਕੂ ਬਾਂਦਰ ਅੱਖਾਂ ਬੰਦ ਕਰੀਂ ਆਪਣੀ ਤਪੱਸਿਆ ’ਚ ਲੀਨ ਬੈਠਾ ਸੀ। ਜੈ ਜੈ ਕਾਰ ਦਾ ਸ਼ੋਰ ਸੁਣ ਉਹ ਇਸ ਤਰ੍ਹਾਂ ਉੱਠਿਆ ਜਿਵੇਂ ਉਸਦੀ ਤਪੱਸਿਆ ਭੰਗ ਹੋ ਗਈ ਹੋਵੇ, ਪਰ ਸਾਹਮਣੇ ਸ਼ੇਰ ਮਹਾਰਾਜ ਨੂੰ ਦੇਖ ਉਹ ਹੱਥ ਜੋੜ ਕੇ ਖੜ੍ਹਾ ਹੋ ਗਿਆ।
‘ਹੁਕਮ ਮਹਾਰਾਜ, ਕੋਈ ਆਗਿਆ ਸੀ ਤਾਂ ਸੁਨੇਹਾ ਭੇਜ ਦਿੰਦੇ।’
‘ਨਹੀਂ ਮਿੱਕੂ ਮਹਾਰਾਜ। ਸਮੱਸਿਆ ਹੀ ਅਜਿਹੀ ਆ ਪਈ ਕਿ ਮੈਨੂੰ ਖ਼ੁਦ ਨੂੰ ਹੀ ਆਉਣਾ ਪਿਆ।’ ਕਹਿੰਦੇ ਹੋਏ ਸ਼ੇਰ ਨੇ ਲੂੰਬੜੀ ਨੂੰ ਸਾਰੀ ਕਹਾਣੀ ਦੱਸਣ ਲਈ ਕਿਹਾ।
ਲੂੰਬੜੀ ਤੋਂ ਸਾਰੀ ਕਹਾਣੀ ਸੁਣ ਮਿੱਕੂ ਬਾਂਦਰ ਵੀ ਗਹਿਰੀ ਸੋਚ ’ਚ ਪੈ ਗਿਆ, ਫਿਰ ਉਹ ਬੋਲਿਆ :
‘ਬਿਪਤਾ ਗੰਭੀਰ ਹੈ ਮਹਾਰਾਜ…ਇਸ ਦੇ ਉਪਾਅ ਲਈ ਮੈਨੂੰ ਯੱਗ ਕਰਨਾ ਪਵੇਗਾ।’
‘ਜੋ ਵੀ ਕਰਨਾ ਜਲਦੀ ਕਰੋ। ਖ਼ਰਚੇ ਦੀ ਪਰਵਾਹ ਨਹੀਂ ਕਰਨੀ।’ ਕਹਿੰਦੇ ਹੋਏ ਸ਼ੇਰ ਨੇ ਬਘਿਆੜ ਨੂੰ ਇਸ਼ਾਰਾ ਕੀਤਾ।
ਬਘਿਆੜ ਮੋਹਰਾਂ ਦੀ ਥੈਲੀ ਲੈ ਕੇ ਹਾਜ਼ਿਰ ਹੋ ਗਿਆ ਅਤੇ ਉਸਨੇ ਉਹ ਥੈਲੀ ਮਿੱਕੂ ਬਾਂਦਰ ਦੇ ਪੈਰਾਂ ’ਚ ਰੱਖ ਦਿੱਤੀ।
‘ਬਸ! ਤੁਸੀਂ ਫ਼ਿਕਰ ਨਾ ਕਰੋ ਮਹਾਰਾਜ। ਮੈਂ ਕੱਲ੍ਹ ਤੋਂ ਹੀ ਯੱਗ ਦੀ ਤਿਆਰੀ ਸ਼ੁਰੂ ਕਰਦਾ ਹਾਂ।’
ਬਿਮਾਰੀ ਤੋਂ ਛੁਟਕਾਰਾ ਮਿਲਣ ਦੀ ਆਸ ’ਚ ਸਾਰੇ ਜਾਨਵਰ ਮਿੱਕੂ ਬਾਂਦਰ ਦੀ ਜੈ ਜੈ ਕਾਰ ਕਰਦੇ ਹੋਏ ਵਾਪਸ ਆ ਗਏ, ਪਰ ਖਰਗੋਸ਼ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ ਸੀ। ਉਸਦਾ ਮੰਨਣਾ ਸੀ ਚਮਤਕਾਰ ਜਾਂ ਗੈਬੀ ਸ਼ਕਤੀ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਜ਼ਰੂਰ ਮਿੱਕੂ ਬਾਂਦਰ ਸਭ ਨੂੰ ਮੂਰਖ ਬਣਾ ਰਿਹਾ ਹੈ। ਇਸ ਲਈ ਉਹ ਸਾਰੇ ਜਾਨਵਰਾਂ ਤੋਂ ਅਲੱਗ ਹੁੰਦਾ-ਹੁੰਦਾ ਪਿੱਛੇ ਰਹਿ ਗਿਆ ਅਤੇ ਫਿਰ ਮਿੱਕੂ ਬਾਂਦਰ ਦੇ ਡੇਰੇ ਕੋਲ ਪਹੁੰਚ ਕੇ ਇਕ ਦਰੱਖਤ ਓਹਲੇ ਖੜ੍ਹ ਉਸ ਦੀਆਂ ਹਰਕਤਾਂ ਦੇਖਦਾ ਰਿਹਾ।
ਮਿੱਕੂ ਬਾਂਦਰ ਸੋਨੇ ਦੀਆਂ ਮੋਹਰਾਂ ਦੇਖ-ਦੇਖ ਖ਼ੁਸ਼ ਹੋ ਰਿਹਾ ਸੀ। ਉਹ ਵਾਰ-ਵਾਰ ਉਨ੍ਹਾਂ ਨੂੰ ਗਿਣ ਰਿਹਾ ਸੀ। ਖਰਗੋਸ਼ ਨੂੰ ਸ਼ੱਕ ਹੋਇਆ, ਜ਼ਰੂਰ ਦਾਲ ’ਚ ਕੁਝ ਕਾਲਾ ਹੈ। ਏਨੇ ਨੂੰ ਉਹ ਦੇਖਦਾ ਹੈ ਕਿ ਲੂੰਬੜੀ ਆਲਾ-ਦੁਆਲਾ ਦੇਖਦੀ ਮਿੱਕੂ ਬਾਂਦਰ ਦੇ ਡੇਰੇ ’ਚ ਆ ਵੜੀ। ਖਰਗੋਸ਼ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਕੰਧ ਨਾਲ ਕੰਨ ਲਾ ਕੇ ਖੜ੍ਹਾ ਹੋ ਗਿਆ।
‘ਦੇਖਿਆ ਮਿੱਕੂ ਮਹਾਰਾਜ ਸੋਨੇ ਦੀਆਂ ਮੋਹਰਾਂ ਦੀ ਥੈਲੀ।’
‘ਹਾਂ…ਹਾਂ ਲੂੰਬੜੀ ਮਹਾਰਾਣੀ। ਚੱਲ ਹੁਣ ਆਪਾਂ ਕੱਲ੍ਹ ਨੂੰ ਪਾਣੀ ਵਾਲੇ ਤਲਾਅ ’ਚ ਬਿਮਾਰੀ ਠੀਕ ਕਰਨ ਵਾਲੀ ਦਵਾਈ ਪਾ ਦੇਈਏ।’
‘ਨਹੀਂ…ਨਹੀਂ ਅੱਜ ਤਾਂ ਤੂੰ ਤਲਾਅ ’ਚ ਬਿਮਾਰੀ ਫੈਲਾਉਣ ਵਾਲੀ ਦਵਾਈ ਹੀ ਪਾ ਕੇ ਆ, ਉਹ ਵੀ ਕਈ ਗੁਣਾ ਜ਼ਿਆਦਾ ਮਾਤਰਾ ਵਿਚ।’ ਲੂੰਬੜੀ ਨੇ ਮੱਕਾਰੀ ਨਾਲ ਹੱਸਦਿਆਂ ਕਿਹਾ।
‘ਕਿਉਂ?’
‘ਕੱਲ੍ਹ ਨੂੰ ਜਦੋਂ ਜਾਨਵਰ ਪਾਣੀ ਪੀਣਗੇ ਤਾਂ ਇਸ ਭਿਆਨਕ ਬਿਮਾਰੀ ਦੀ ਮਾਰ ਹੋਰ ਤੇਜ਼ੀ ਨਾਲ ਫੈਲ ਜਾਵੇਗੀ ਅਤੇ ਅਸੀਂ ਮਹਾਰਾਜ ਨੂੰ ਕਹਾਂਗੇ ਕਿ ਬੁਰੀ ਸ਼ਕਤੀ ਬਹੁਤ ਤਾਕਤਵਰ ਹੈ, ਜਿਸ ਲਈ ਵੱਡਾ ਯੱਗ ਕਰਨਾ ਪੈਣਾ ਤੇ ਉਸ ਲਈ ਹੋਰ ਸੋਨੇ ਦੀਆਂ ਮੋਹਰਾਂ…।’ ਲੂੰਬੜੀ ਨੇ ਮਿੱਕੂ ਬਾਂਦਰ ਨੂੰ ਸਮਝਾਉਂਦਿਆਂ ਕਿਹਾ।
‘ਵਾਹ ਹੋਰ ਸੋਨੇ ਦੀਆਂ ਮੋਹਰਾਂ।’ ਮਿੱਕੂ ਬਾਂਦਰ ਨੇ ਅੱਖਾਂ ਫੈਲਾਉਂਦੇ ਹੋਏ ਕਿਹਾ।
ਖਰਗੋਸ਼ ਭੱਜ ਕੇ ਇਕ ਪਾਸੇ ਲੁਕ ਗਿਆ। ਹੁਣ ਉਸਦੇ ਸਾਰੀ ਗੱਲ ਸਮਝ ਆ ਗਈ ਕਿ ਇਹ ਦੋਵੇਂ ਕਿਵੇਂ ਮਿਲ ਕੇ ਪਹਿਲਾਂ ਬਿਮਾਰੀ ਫੈਲਾਅ ਰਹੇ ਨੇ, ਫਿਰ ਅੰਧਵਿਸ਼ਵਾਸ ਦੇ ਨਾਂ ’ਤੇ ਜਾਨਵਰਾਂ ਨੂੰ ਮੂਰਖ ਬਣਾ ਕੇ ਲੁੱਟਣਾ ਚਾਹੁੰਦੇ ਹਨ। ਉਹ ਰਾਜੇ ਸ਼ੇਰ ਨੂੰ ਇਹ ਸਭ ਕੁਝ ਦੱਸਣ ਲਈ ਭੱਜਣ ਲੱਗਾ, ਪਰ ਕੁਝ ਦੂਰ ਜਾ ਕੇ ਰੁਕ ਗਿਆ। ਦੂਸਰੇ ਦਿਨ ਜਦੋਂ ਤਲਾਅ ’ਤੇ ਜਾਨਵਰ ਪਾਣੀ ਪੀਣ ਆਏ ਤਾਂ ਅਚਾਨਕ ਉਨ੍ਹਾਂ ਨੂੰ ਇਕ ਆਵਾਜ਼ ਸੁਣਾਈ ਦਿੱਤੀ।
‘ਰੁਕ ਜਾਓ, ਮੈਂ ਤਲਾਅ ਦਾ ਦੇਵਤਾ ਬੋਲਦਾ ਹਾਂ।’
ਜਾਨਵਰਾਂ ਨੇ ਆਲੇ-ਦੁਆਲੇ ਦੇਖਿਆ। ਕੋਈ ਨਹੀਂ ਸੀ। ਉਹ ਡਰ ਗਏ ਫਿਰ ਇਕ ਨੇ ਹੌਸਲਾ ਕਰਦੇ ਹੋਏ ਪੁੱਛਿਆ,
‘ਅਸੀਂ ਕਿਉਂ ਪਾਣੀ ਨਾ ਪੀਏ।’
‘ਜਦੋਂ ਤਕ ਮਿੱਕੂ ਬਾਂਦਰ ਮਹਾਰਾਜ ਇਹ ਪਾਣੀ ਨਹੀਂ ਪੀਂਦੇ, ਉਦੋਂ ਤਕ ਜੋ ਵੀ ਇਸਦਾ ਪਾਣੀ ਪੀਵੇਗਾ, ਉਹ ਮਰ ਜਾਵੇਗਾ।’ ਜਾਨਵਰ ਡਰ ਕੇ ਜੰਗਲ ’ਚ ਭੱਜ ਗਏ। ਸਾਰੇ ਜੰਗਲ ’ਚ ਗੱਲ ਅੱਗ ਵਾਂਗ ਫੈਲ ਗਈ ਅਤੇ ਸ਼ੇਰ ਕੋਲ ਵੀ ਪਹੁੰਚ ਗਈ। ਸ਼ੇਰ ਆਪਣੇ ਲਾਮ-ਲਸ਼ਕਰ ਨਾਲ ਤਲਾਅ ਦੇ ਕਿਨਾਰੇ ਪਹੁੰਚ ਗਿਆ ਤੇ ਕਹਿਣ ਲੱਗਾ,
‘ਤਲਾਅ ਦੇਵਤਾ ਜਾਨਵਰਾਂ ਤੋਂ ਕੋਈ ਭੁੱਲ ਹੋ ਗਈ?’
‘ਕੋਈ ਭੁੱਲ ਨਹੀਂ ਹੋਈ, ਪਰ ਜਦੋਂ ਤਕ ਮਿੱਕੂ ਮਹਾਰਾਜ ਜਿਹਾ ਕੋਈ ਰਿੱਧੀਆਂ-ਸਿੱਧੀਆਂ ਦਾ ਮਾਲਕ ਮੇਰੇ ਪਾਣੀ ਨੂੰ ਪਵਿੱਤਰ ਨਹੀਂ ਕਰਦਾ, ਕੋਈ ਵੀ ਮੇਰਾ ਪਾਣੀ ਨਹੀਂ ਪੀ ਸਕਦਾ।’
ਸ਼ੇਰ ਨੇ ਤੁਰੰਤ ਹੀ ਮਿੱਕੂ ਮਹਾਰਾਜ ਨੂੰ ਲੈ ਕੇ ਆਉਣ ਲਈ ਆਪਣੇ ਸਿਪਾਹੀ ਭੇਜੇ। ਕੁਝ ਦੇਰ ਬਾਅਦ ਹੀ ਸਿਪਾਹੀ ਮਿੱਕੂ ਮਹਾਰਾਜ ਨੂੰ ਲੈ ਕੇ ਹਾਜ਼ਰ ਹੋ ਗਏ। ਜਦੋਂ ਸਾਰੀ ਗੱਲ ਦੱਸ ਕੇ ਉਸਨੂੰ ਪਾਣੀ ਪੀਣ ਲਈ ਕਿਹਾ ਗਿਆ ਤਾਂ ਉਹ ਭੱਜਣ ਲੱਗਿਆ, ਪਰ ਰਾਜੇ ਦੇ ਇਸ਼ਾਰੇ ’ਤੇ ਉਸਨੂੰ ਕਾਬੂ ਕਰ ਲਿਆ ਗਿਆ। ਸਾਰੇ ਹੈਰਾਨ ਸਨ ਕਿ ਮਿੱਕੂ ਬਾਂਦਰ ਪਾਣੀ ਪੀਣ ’ਚ ਆਨਾਕਾਨੀ ਕਿਉਂ ਕਰ ਰਿਹਾ ਹੈ।
ਏਨੇ ਨੂੰ ਇਕ ਦਰੱਖਤ ਦੇ ਪਿੱਛੋਂ ਖਰਗੋਸ਼ ਆਪਣੇ ਹੱਥ ’ਚ ਵੱਡੇ ਸਾਰੇ ਪੱਤਿਆਂ ਦਾ ਭੋਂਪੂ ਫੜੀ ਬਾਹਰ ਨਿਕਲ ਆਇਆ।
‘ਮਹਾਰਾਜ ਇਹ ਪਾਣੀ ਨਹੀਂ ਪੀਵੇਗਾ ਕਿਉਂਕਿ ਇਸਨੇ ਹੀ ਇਸ ਪਾਣੀ ’ਚ ਬਿਮਾਰੀ ਫੈਲਾਉਣ ਵਾਲੀ ਦਵਾਈ ਪਾਈ ਹੋਈ ਹੈ।’
ਖਰਗੋਸ਼ ਨੇ ਰਾਜੇ ਨੂੰ ਸਾਰੀ ਗੱਲ ਸੁਣਾਈ ਕਿ ਕਿਵੇਂ ਇਸਨੇ ਪੀਣ ਵਾਲੇ ਪਾਣੀ ’ਚ ਬਿਮਾਰੀ ਵਾਲੀ ਦਵਾਈ ਪਾ ਕੇ ਜਾਨਵਰਾਂ ਨੂੰ ਬਿਮਾਰ ਕਰਕੇ ਫਿਰ ਅੰਧਵਿਸ਼ਵਾਸ ਫੈਲਾ ਕੇ ਧਨ ਬਟੋਰਨ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਵਹਿਮਾਂ-ਭਰਮਾਂ ਦੇ ਚੁੰਗਲ ’ਚ ਫਸਾਈ ਰੱਖਣ ਦਾ ਡਰਾਮਾ ਰਚਿਆ ਸੀ, ਜਿਸ ਵਿਚ ਲੂੰਬੜੀ ਵੀ ਮਿਲੀ ਹੋਈ ਹੈ।
ਫਿਰ ਮਿੱਕੂ ਬਾਂਦਰ ਨੇ ਡਰਦੇ ਹੋਏ ਦੂਜੀ ਦਵਾਈ ਲਿਆ ਕੇ ਤਲਾਅ ’ਚ ਮਿਲਾ ਦਿੱਤੀ। ਜਿਸ ਨਾਲ ਬਿਮਾਰ ਜਾਨਵਰ ਠੀਕ ਹੋਣ ਲੱਗੇ। ਸ਼ੇਰ ਨੇ ਮਿੱਕੂ ਬਾਂਦਰ ਅਤੇ ਲੂੰਬੜੀ ਨੂੰ ਸਾਰੀ ਉਮਰ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ। ਸਾਰੇ ਜੰਗਲ ’ਚ ਖਰਗੋਸ਼ ਦਾ ਨਾਂ ਖੋਜੀ ਖਰਗੋਸ਼ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਅਤੇ ਸ਼ੇਰ ਨੇ ਉਸਨੂੰ ਬਹੁਤ ਸਾਰੇ ਇਨਾਮ ਦਿੱਤੇ।