ਪਿਸ਼ਾਵਰ, 21 ਦਸੰਬਰ

ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਬਲਾਂ ਨੇ ਅੱਜ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਅਤਿਵਾਦ ਵਿਰੋਧੀ ਕੇਂਦਰ ’ਤੇ ਹਮਲਾ ਕਰ ਕੇ ਸਾਰੇ 33 ਅਤਿਵਾਦੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਵਿਸ਼ੇਸ਼ ਬਲਾਂ ਦੇ ਦੋ ਕਮਾਂਡੋ ਵੀ ਮਾਰੇ ਗਏ ਜਦਕਿ ਦਰਜਨ ਤੋਂ ਵੱਧ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋਏ ਹਨ। ਤਾਲਿਬਾਨੀ ਅਤਿਵਾਦੀਆਂ ਵੱਲੋਂ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ ਵਿੱਚ ਦੋ ਦਿਨ ਪਹਿਲਾਂ ਗੱਲਬਾਤ ਰੁਕਣ ਮਗਰੋਂ ਸੁਰੱਖਿਆ ਬਲਾਂ ਨੇ ਬੰਧਕਾਂ ਨੂੰ ਛੁਡਾਉਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਸੀ। ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਪੁਸ਼ਟੀ ਕੀਤੀ ਕਿ ਬੰਨੂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਵਾਲੇ ਪਾਕਿਸਤਾਨੀ ਤਾਲਿਬਾਨ ਦੇ ‘ਸਾਰੇ ਅਤਿਵਾਦੀ’ ਮਾਰੇ ਗਏ ਹਨ। ਆਸਿਫ ਨੇ ਦੱਸਿਆ ਕਿ ਅਤਿਵਾਦੀਆਂ ਨੇ ਇਸ ਤੋਂ ਪਹਿਲਾਂ ਦੋ ਬੰਧਕਾਂ ਨੂੰ ਮਾਰ ਦਿੱਤਾ ਸੀ। ਪੁਲੀਸ ਸੂਤਰਾਂ ਅਨੁਸਾਰ ਅਤਿਵਾਦੀਆਂ ਨੇ ਦੋ ਦਰਜਨ ਦੇ ਕਰੀਬ ਅਧਿਕਾਰੀਆਂ ਨੂੰ ਬੰਧਕ ਬਣਾਇਆ ਸੀ।ਜ਼ਿਕਰਯੋਗ ਹੈ ਕਿ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਐਤਵਾਰ ਨੂੰ ਕੁਝ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਥਾਣੇ ’ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਦੌਰਾਨ ਇਨ੍ਹਾਂ ’ਚੋਂ ਇੱਕ ਅਤਿਵਾਦੀ ਨੇ ਪੁਲੀਸ ਮੁਲਾਜ਼ਮ ਤੋਂ ਏਕੇ-47 ਰਾਈਫਲ ਖੋਹ ਲਈ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਉਸ ਨੇ ਬਾਕੀ ਅਤਿਵਾਦੀਆਂ ਨੂੰ ਛੁਡਵਾ ਕੇ ਇਮਾਰਤ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਕੁੱਝ ਪੁਲੀਸ ਮਾਲਾਜ਼ਮਾਂ ਨੂੰ ਬੰਧਕ ਵੀ ਬਣਾ ਲਿਆ। ਅੱਜ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਬੰਨੂ ਸੀਟੀਡੀ ਪੁਲੀਸ ਸਟੇਸ਼ਨ ਦੀ ਇਮਾਰਤ ’ਚੋਂ ਬੰਧਕਾਂ ਨੂੰ ਛੁਡਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ। ਪਾਕਿਸਤਾਨ ਦੀ ਸੰਘੀ ਸਰਕਾਰ ਅਤੇ ਤਾਲਿਬਾਨ ਅਤਿਵਾਦੀਆਂ ਵਿਚਾਲੇ ਦੂਜੇ ਦਿਨ ਵੀ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ।