ਨਵੀਂ ਦਿੱਲੀ/ਗੁਹਾਟੀ, 9 ਜਨਵਰੀ
ਰੰਗਾਰੰਗ ਉਦਘਾਟਨ ਸਮਾਰੋਹ ਨਾਲ ਇੱਥੇ ਸ਼ੁੱਕਰਵਾਰ ਤੋਂ ਖੇਲੋ ਇੰਡੀਆ ਯੂਥ ਖੇਡਾਂ ਦਾ ਆਗਾਜ਼ ਹੋਵੇਗਾ, ਜਿਸ ਵਿੱਚ 37 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਰਾਜਾਂ ਦੇ 6800 ਖਿਡਾਰੀ 20 ਖੇਡਾਂ ਵਿੱਚ ਚੁਣੌਤੀ ਦੇਣਗੇ। ਦੂਜੇ ਪਾਸੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੇਰੀਕੌਮ ਨੇ ਦਿੱਲੀ ਤੋਂ ਗੁਹਾਟੀ ਲਈ ਖਿਡਾਰੀਆਂ ਜਹਾਜ਼ ਰਾਹੀਂ ਰਵਾਨਾ ਕਰਦਿਆਂ ਕਿਹਾ ਕਿ ਭਾਰਤੀ ਖੇਡਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਹੁਣ ਕਈ ਖਿਡਾਰੀਆਂ ਨੂੰ ਸਪਾਂਸਰਾਂ ਤੋਂ ਵਿੱਤੀ ਸਹਾਇਤਾ ਮਿਲ ਰਹੀ ਹੈ।
ਕੇਂਦਰੀ ਮੰਤਰੀ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਸ਼ੁੱਕਰਵਾਰ ਨੂੰ ਗੁਹਾਟੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਹੋਣ ਵਾਲੇ ਉਦਘਾਟਨ ਸਮਾਰੋਹ ਵਿੱਚ ਮੌਜੂਦ ਰਹਿਣਗੇ। ਕਈ ਸਟਾਰ ਖਿਡਾਰੀ ਵੀ ਪਹੁੰਚਣਗੇ, ਜਿਨ੍ਹਾਂ ਵਿੱਚ ਤੇਜ਼ ਦੌੜਾਕ ਹਿਮਾ ਦਾਸ ਸ਼ਾਮਲ ਹੈ। ਸੋਨੋਵਾਲ ਨੇ ਬਿਆਨ ਵਿੱਚ ਕਿਹਾ, ‘‘ਇਸ ਟੂਰਨਾਮੈਂਟ ਵਿੱਚ ਭਾਰਤ ਵਿੱਚ ਖੇਡ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਅਤੇ ਸਾਨੂੰ ਇਸ ’ਤੇ ਮਾਣ ਹੈ ਕਿ ਇਸ ਵਾਰ ਇਹ ਖੇਡਾਂ ਅਸਾਮ ਵਿੱਚ ਹੋ ਰਹੀਆਂ ਹਨ। ਮੈਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਖੇਲੋ ਇੰਡੀਆ ਵਿੱਚ ਨੌਜਵਾਨ ਖਿਡਾਰੀਆਂ ਨੂੰ ਪਹੁੰਚਾਉਣ ਲਈ ਭਾਰਤੀ ਖੇਡ ਅਥਾਰਟੀ (ਸਾਈ) ਨੇ ਸਪਾਈਸਜੈੱਟ ਨਾਲ ਹੱਥ ਮਿਲਾਇਆ ਹੈ। ਮੇਰੀਕੌਮ ਨੇ ਖੇਲੋ ਇੰਡੀਆ ਖੇਡਾਂ ਲਈ ਖਿਡਾਰੀਆਂ ਨੂੰ ਪਹਿਲੀ ਵਾਰ ਜਹਾਜ਼ ਰਾਹੀਂ ਗੁਹਾਟੀ ਰਵਾਨਾ ਕਰਨ ਮੌਕੇ ਕਿਹਾ, ‘‘ਆਪਣੇ ਸ਼ੁਰੂਆਤੀ ਦਿਨਾਂ ਵਿੱਚ ਮੈਂ ਇਥੋਂ ਤੱਕ ਕਿ ਦਸਤਾਨਿਆਂ (ਗਲਬਜ਼) ਦੀ ਇੱਕ ਜੋੜੀ ਲਈ ਵੀ ਪ੍ਰੇਸ਼ਾਨ ਰਹਿੰਦੀ ਸੀ। ਇਹ ਵੇਖ ਕੇ ਚੰਗਾ ਲਗਦਾ ਹੈ ਕਿ ਭਾਰਤੀ ਖੇਡਾਂ ਨੇ ਲੰਬਾ ਸਫ਼ਰ ਤੈਅ ਕਰ ਲਿਆ ਹੈ।’’
ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਨੇ ਕਿਹਾ, ‘‘ਇਹ ਅਸਲ ਵਿੱਚ ਸ਼ਾਨਦਾਰ ਅਤੇ ਉਤਸ਼ਾਹਜਨਕ ਹੈ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਉਡਾਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।’’