ਮੋਗਾ, 29 ਸਤੰਬਰ
ਖੇਤੀ ਬਿੱਲਾਂ ਦੇ ਮੁੱਦੇ ’ਤੇ ਭਾਜਪਾ ਨਾਲੋਂ ਨਾਤਾ ਤੋੜਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਨਡੀਏ ’ਤੇ ਤਿੱਖੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕਾਨੂੰਨ ਬਣਾਉਣ ਵਾਲੇ ਲੋਕਾਂ ਨੂੰ ਖੇਤੀ ਸੂਬੇ ਪੰਜਾਬ ਬਾਰੇ ਕੋਈ ਗਿਆਨ ਨਹੀਂ। ਉਨ੍ਹਾਂ ਕਿਹਾ ਕਿ ਕਾਰਜ ਸ਼ੈਲੀ ਵਿੱਚ ਭਾਜਪਾ ਤੇ ਕਾਂਗਰਸ ਵਿੱਚ ਕੋਈ ਫ਼ਰਕ ਨਹੀ। ਉਨ੍ਹਾਂ ਇਥੇ ਪਾਰਟੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਖੇਤੀ ਬਿੱਲ ਡ੍ਰਾਫਟਿੰਗ ਕਮੇਟੀ ਵਿੱਚ ਕੈਪਟਨ ਮੈਂਬਰ ਸਨ। ਕੇਂਦਰ ਨੇ ਮੁੱਖ ਮੰਤਰੀਆਂ ਦੀ ਹਾਈਪਾਵਰ ਕਮੇਟੀ ਨਾਲ ਸਲਾਹ ਮਗਰੋਂ ਬਿੱਲ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਹਾਈਪਾਵਰ ਕਮੇਟੀ ‘ਚ ਹੋਏ ਫੈਸਲੇ ਦਾ ਕੈਪਟਨ ਨੇ ਭੇਤ ਨਹੀਂ ਖੋਲ੍ਹਿਆ। ‘ਖੇਤੀ ਬਿੱਲਾਂ ‘ਤੇ ਵੋਟਿੰਗ ਵੇਲੇ ਕਾਂਗਰਸ ਅਤੇ ‘ਆਪ‘ ਦੇ ਮੈਂਬਰ ਸੰਸਦ ‘ਚੋਂ ਗ਼ੈਰ-ਹਾਜ਼ਰ ਰਹੇ ਜਦੋਂ ਕਿ ਅਕਾਲੀ ਦਲ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਭਲਕੇ ਕਿਸਾਨ ਮਾਰਚ ਬਾਰੇ ਕਿਹਾ ਕਿ 1 ਅਕਤੂਬਰ ਨੂੰ ਅਕਾਲ ਤਖਤ ਸਾਹਿਬ, ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਮਾਰਚ ਆਰੰਭ ਹੋਣਗੇ। ਗੁਰਦੁਆਰਾ ਅੰਬ ਸਾਹਿਬ ਵਿਖੇ ਮੋਹਾਲੀ ਇੱਕਠੇ ਹੋਣਗੇ ਅਤੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਬੀਜੇ ਕੰਡੇ ਕਿਸਾਨਾਂ ਨੂੰ ਚੁਗਣੇ ਪੈ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ ਅਤੇ ਹਮੇਸ਼ਾ ਤੋਂ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਲੜੀ ਹੈ। ਇਸ ਮੌਕੇ ਤਰਸੇਮ ਸਿੰਘ ਰੱਤੀਆਂ,ਭੂਪਿੰਦਰ ਸਿੰਘ ਸਾਹੋਕੇ,ਅਮਰਜੀਤ ਸਿੰਘ ਗਿੱਲ ਲੰਢੇਕੇਟਾ ਸਿੰਘ ਦੌਲਤਪੁਰਾ,ਬਲਜੀਤ ਸਿੰਘ ਮੰਗੇਵਾਲਾ ਨੇ ਵੀ ਸੰਬੋਧਨ ਕੀਤਾ।