ਲੰਬੀ, 18 ਸਤੰਬਰ

ਖੇਤੀ ਬਿੱਲਾਂ ਖ਼ਿਲਾਫ਼ ਅੱਜ ਸਵੇਰੇ ਪਿੰਡ ਬਾਦਲ ਕਿਸਾਨ ਮੋਰਚੇ ’ਚ ਇੱਕ ਕਿਸਾਨ ਨੇ ਸਲਫਾਸ ਖਾ ਲਈ। ਉਸ ਨੂੰ ਸਿਵਲ ਹਸਪਤਾਲ ਬਾਦਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਕਰੀਬ 55 ਸਾਲਾ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਨੇ ਮੋਰਚੇ ’ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ, ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਇਲਾਜ ਕੀਤੀ ਅਤੇ ਉਲਟੀਆਂ ਵਗੈਰਾ ਕਰਵਾਈਆਂ ਗਈ। ਹਾਲਤ ’ਚ ਸੁਧਾਰ ਨਾ ਹੋਣ ’ਤੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ’ਚ ਪੰਜਾਬ ਦੇ ਪੰਜ-ਛੇ ਜ਼ਿਲਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖਿਲਾਫ਼ ਛੇ ਰੋਜ਼ਾ ਮੋਰਚੇ ’ਤੇ ਡਟੇ ਹੋਏ ਹਨ।