ਮੁੰਬਈ, 17 ਦਸੰਬਰ

ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ’ਤੇ ਮੁੜ ਹਮਲਾ ਕੀਤਾ ਹੈ। ਉਸ ਨੇ ਕਿਹਾ ਕਿ ਕਿਸਾਨਾਂ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਦਿਲਜੀਤ ਅਲੋਪ ਹੋ ਗਿਆ ਹੈ ਅਤੇ ਦਿਲਜੀਤ ਨੇ ਇਸ ਦਾ ਜਵਾਬ ਇਹ ਕਹਿ ਕੇ ਦਿੱਤਾ ਹੈ ਕਿ ਉਹ ਕੰਗਨਾ ਨੂੰ ਕੋਈ ਵਿਆਖਿਆ ਨਹੀਂ ਦੇਣਾ ਚਾਹੁੰਦਾ। ਕੰਗਨਾ ਨੇ ਲਿਖਿਆ ਹੈ, ‘‘ਮੈਂ ਚਾਹੁੰਦੀ ਹਾਂ ਕਿ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ, ਜੋ ਕਿ ਕਿਸਾਨਾਂ ਲਈ ਕ੍ਰਾਂਤੀਕਾਰੀ ਬਣਨ ਦਾ ਦਿਖਾਵਾ ਕਰ ਰਹੇ ਹਨ, ਉਹ ਘੱਟੋ-ਘੱਟ ਇਕ ਵੀਡੀਓ ਬਣਾ ਕੇ ਇਹ ਸਾਬਿਤ ਕਰਨ ਕਿ ਆਖਿਰ ਕਿਸਾਨ ਪ੍ਰਦਰਸ਼ਨ ਕਿਉਂ ਕਰ ਰਹੇ ਹਨ। ਇਹ ਦੋਵੇਂ ਹੀ ਕਿਸਾਨਾਂ ਨੂੰ ਭੜਕਾਉਣ ਤੋਂ ਬਾਅਦ ਅਲੋਪ ਹੋ ਗਏ ਹਨ। ਕਿਸਾਨਾਂ ਦੇ ਰਾਜ ਅਤੇ ਦੇਸ਼ ਨੂੰ ਦੇਖੋ।’’

ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਪੰਜਾਬੀ ’ਚ ਟਵੀਟ ਕੀਤਾ,‘‘ਅਲੋਪ ਹੋਣ ਵਾਲਾ ਤਾਂ ਭੁਲੇਖਾ ਹੀ ਕੱਢ ਦਿਓ, ਨਾਲੇ ਕੌਣ ਦੇਸ਼ ਪ੍ਰੇਮੀ ਤੇ ਕੌਣ ਦੇਸ਼ ਵਿਰੋਧੀ ਇਹ ਫ਼ੈਸਲਾ ਕਰਨ ਦਾ ਹੱਕ ਇਸ ਨੂੰ ਕਿਸ ਨੇ ਦੇ ਦਿੱਤਾ? ਇਹ ਕਿੱਥੋਂ ਦੀ ਅਥਾਰਿਟੀ ਆ? ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰ ਲਓ ਕੋਈ ਮਾੜੀ ਮੋਟੀ।’’

ਕੰਗਨਾ ਨੇ ਇਸ ਦੇ ਜਵਾਬ ’ਚ ਕਿਹਾ, ‘‘ਦਿਲਜੀਤ ਜੀ ਮੈਂ ਸਾਧਾਰਨ ਤੌਰ ’ਤੇ ਇਹ ਕਿਹਾ ਹੈ ਕਿ ਤੁਹਾਨੂੰ ਖੇਤੀ ਬਿੱਲਾਂ ਵਿੱਚ ਕਿਹੜੀ ਚੀਜ਼ ਪਸੰਦ ਨਹੀਂ ਆਈ। ਮਿਸਾਲ ਵਜੋਂ ਮੈਂ ਇਹ ਤੱਥ ਪਸੰਦ ਕਰਦੀ ਹਾਂ ਕਿ ਹੁਣ ਕਿਸਾਨ ਆਪਣੀ ਫ਼ਸਲ ਦੇਸ਼ ਵਿੱਚ ਕਿਤੇ ਵੀ ਵੇਚ ਸਕਦਾ ਹੈ, ਮੈਂ ਇਹ ਵੀ ਤੱਥ ਪਸੰਦ ਕਰਦੀ ਹਾਂ ਕਿ ਕਿਸਾਨ ਵਿਚੋਲੀਏ ਨੂੰ ਛੱਡ ਕੇ ਆਪਣਾ ਉਤਪਾਦ ਸਿੱਧਾ ਕਾਰਪੋਰੇਟ ਜਾਂ ਖਪਤਕਾਰ ਨੂੰ ਵੇਚ ਸਕਦਾ ਹੈ। ਹਰ ਕੋਈ ਇਹ ਮਹਿਸੂਸ ਕਰ ਰਿਹਾ ਹੈ ਕਿ ਕੇਂਦਰ ਵੱਲੋਂ ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਚੁੱਕਿਆ ਗਿਆ ਇਹ ਕ੍ਰਾਂਤੀਕਾਰੀ ਕਦਮ ਹੈ, ਫਿਰ ਤੁਸੀਂ ਪ੍ਰਦਰਸ਼ਨ ਕਿਉਂ ਕਰ ਰਹੇ ਹੋ? ਕਿਰਪਾ ਕਰਕੇ ਮੈਨੂੰ ਸਮਝਾਓ।’’

ਦਿਲਜੀਤ ਨੇ ਪੰਜਾਬੀ ਵਿੱਚ ਖੇਤੀ ਕਾਨੂੰਨਾਂ ਸਬੰਧੀ ਇਕ ਨਿਊਜ਼ ਰਿਪੋਰਟ ਦਾ ਲਿੰਕ ਟਵੀਟ ਨਾਲ ਸਾਂਝਾ ਕੀਤਾ ਹੈ। ਅਖੀਰ ’ਚ ਦਿਲਜੀਤ ਨੇ ਲਿਖਿਆ,‘‘ਚੰਗਾ ਫੇਰ ਸੌਣ ਲੱਗਾ..ਬਾਬਾ ਸਭ ਦਾ ਭਲਾ ਕਰੇ।’’