ਦੋਰਾਹਾ, 1 ਅਕਤੂਬਰ
ਖੇਤੀ ਬਿੱਲਾਂ ਖਿਲਾਫ਼ ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠਾਂ ਪਿੰਡ ਜਸਪਾਲੋਂ ਦੇ ਫ਼ਾਟਕ ਨੇੜੇ ਰੇਲਵੇ ਲਾਈਨਾਂ ਤੇ 4 ਘੰਟੇ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਲਿਪ ਆਗੂ ਸਰਬਜੀਤ ਸਿੰਘ ਕੰਗ ਨੇ ਕਿਹਾ ਕਿ ਨਵੇਂ ਕਾਨੂੰਨਾਂ ਅਨੁਸਾਰ ਵਪਾਰੀਆਂ ਨੂੰ ਪ੍ਰਾਈਵੇਟ ਮੰਡੀਆਂ ਖੋਲ੍ਹਣ ਅਤੇ ਮੌਜੂਦਾ ਮੰਡੀਆਂ ਤੋਂ ਬਾਹਰ ਕਿਸਾਨਾਂ ਤੋਂ ਸਿੱਧੇ ਤੌਰ ’ਤੇ ਖੇਤੀ ਜਿਣਸਾਂ ਖ਼ਰੀਦਣ ਦੀ ਖੁੱਲ੍ਹ ਹੋਵੇਗੀ। ਇਸ ਕਾਨੂੰਨ ਨਾਲ ਦੇਸ਼ ਦੇ ਫੈਡਰਲ ਢਾਂਚੇ ਦੀ ਆਤਮਾ ’ਤੇ ਸਿੱਧਾ ਹਮਲਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਝੂਠੇ ਬਿਆਨ ਦਾਗ ਕੇ ਕਿਸਾਨਾਂ ਨੂੰ ਮੂਰਖ਼ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹੁਣ ਕਿਸਾਨ ਕੇਂਦਰ ਦੀਆਂ ਚਾਲਾਂ ਨੂੰ ਸਮਝ ਗਿਆ ਹੈ ਅਤੇ ਆਪਣੇ ਹੱਕਾਂ ਲਈ ਲੜਨਾ ਜਾਣਦਾ ਹੈ। ਇਸ ਮੌਕੇ ਹਰਵਿੰਦਰ ਸਿੰਘ ਇਕੋਲਾਹੀ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਜਸਪਾਲੋਂ, ਗੁਰਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।