ਲਹਿਰਾਗਾਗਾ ,19 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਜਾਨ ਹੂਲਵੇਂ ਘੋਲ਼ ਦੌਰਾਨ 3 ਮੈਂਬਰੀ ਪੰਜਾਬ ਕੈਬਨਿਟ ਕਮੇਟੀ ਪੰਜਾਬ ਭਵਨ ਚੰਡੀਗੜ੍ਹ ਵਿੱਚ ਜਥੇਬੰਦੀ ਦੇ 11 ਮੈਂਬਰੀ ਵਫਦ ਨਾਲ ਅੱਜ ਗੱਲਬਾਤ ਕਰੇਗੀ। ਇਥੇ ਰਿਲਾਇੰਸ ਪੰਪ ਅੱਗੇ ਅਣਮਿੱਥੇ ਸਮੇਂ ਲਈ ਲਗਾਏ ਧਰਨੇ ਦੀ 19ਵੇਂ ਦਿਨ ਅਗਵਾਈ ਕਰਦਿਆਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸੋਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਗਈ ਸੀ ਕਿ 19 ਅਕਤੂਬਰ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੇ ਮਤੇ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਐਮ ਐਸ ਦੀ ਜਾਮਨੀ ਕੀਤੇ ਬਗੈਰ ਹੀ ਨਿਜੀ ਕਾਰਪੋਰੇਸ਼ਨਾਂ ਤੇ ਵੱਡੇ ਵਪਾਰੀਆਂ ਨੂੰ ਫਸਲੀ ਖਰੀਦ ਦੀਆਂ ਖੁੱਲ੍ਹਾਂ ਦੇਣ ਵਾਲੇ 2017 ਅਤੇ ਉਸਤੋਂ ਪਹਿਲਾਂ ਦੇ ਮੰਡੀਕਰਨ ਕਾਨੂੰਨ / ਬਿੱਲ ਵਾਪਸ ਲੈਣ ਦਾ ਮਤਾ ਵੀ ਪਾਸ ਕੀਤਾ ਜਾਵੇ। ਧਰਨੇ ਨੂੰ ਦਰਸ਼ਨ ਚੰਗਾਲੀਵਾਲਾ, ਸੂਬਾ ਸੰਗਤਪੁਰਾ, ਰਾਮ ਸਿੰਘ ਨੰਗਲਾ,ਕਰਨੈਲ ਗਨੋਟਾ ਅਤੇ ਮਾਸਟਰ ਗੁਰਚਰਨ ਖੋਖਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 9 ਸਿਰਕੱਢ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਤੋਂ ਇਲਾਵਾ 10 ਟੌਲ ਪਲਾਜ਼ਿਆਂ,4 ਸ਼ਾਪਿੰਗ ਮਾਲਜ਼, ਅਡਾਨੀ ਗੋਦਾਮ, 24 ਰਿਲਾਇੰਸ ਪੰਪਾਂ, 10 ਐੱਸਾਰ ਪੰਪਾਂ ਤੇ ਵਣਾਂਵਾਲੀ ਥਰਮਲ ਪਲਾਂਟ ’ਤੇ ਦਿਨ ਰਾਤ ਦੇ ਧਰਨੇ ਅੱਜ ਵੀ ਜਾਰੀ ਹਨ।