ਕਿਸਾਨਾਂ ਨੇ ਭਾਕਿਯੂ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਲੰਬੀ-ਬਠਿੰਡਾ ਮੁੱਖ ਸੜਕ ’ਤੇ ਧਰਨਾ ਲਗਾਇਆ
ਲੰਬੀ, 27 ਜੁਲਾਈ
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਮੂਹਰੇ ਰੋਸ ਮੁਜ਼ਾਹਰੇ ਲਈ ਜਾ ਰਹੇ ਭਾਕਿਯੂ (ਏਕਤਾ) ਉਗਰਾਹਾਂ ਦੇ ਸੈਂਕੜੇ ਕਾਰਕੁਨਾਂ ਨੂੰ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਖਿਓਵਾਲੀ ਵਿਖੇ ਰੋਕ ਲਿਆ। ਇਸ ਦੇ ਰੋਸ ਵਜੋਂ ਕਿਸਾਨ ਖਿਓਵਾਲੀ ਵਿਖੇ ਲੰਬੀ-ਬਠਿੰਡਾ ਸੜਕ ‘ਤੇ ਧਰਨੇ ’ਤੇ ਬੈਠ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਕਿਸਾਨਾਂ ਨੂੰ ਅਗਾਂਹ ਵਧਣ ਤੋਂ ਰੋਕਣ ਲਈ ਸੁਪਰੀਮ ਕੋਰਟ ਦੇ ਸੜਕੀ ਆਵਾਜਾਈ ਰੋਕਣ ਸਬੰਧੀ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਸੜਕ ਨੂੰ ਬੈਰੀਕੇਡ, ਵਜਰ ਵਹੀਕਲ ਅਤੇ ਮਿੱਟੀ ਦੀ ਟਰਾਲੀ ਖੜ੍ਹਾ ਕੇ ਰੋਕ ਲਿਆ। ਇਸ ਮੌਕੇ ਭਾਕਿਯੂ (ਏਕਤਾ) ਉਗਰਾਹਾਂ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ, ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਭੁਪਿੰਦਰ ਸਿੰਘ ਚਨੂੰ ਨੇ ਆਪਣੇ ਸੰਬੋਧਨ ਵਿਚ ਕਿਸਾਨੀ ਦੇ ਨਿਘਾਰ ਲਈ ਰਾਜਸੀ ਤੰਤਰ ਨੂੰ ਜ਼ਿੰਮੇਵਾਰ ਦੱਸਦਿਆਂ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਬਰਾਬਰ ਦਾ ਭਾਈਵਾਲ ਦੱਸਿਆ। ਉਨ੍ਹਾਂ ਤਿੰਨੇ ਕੇਂਦਰੀ ਆਰਡੀਨੈਂਸਾਂ ਨੂੰ ਸੌ ਫੀਸਦੀ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਚਿੱਟੇ ਨੂੰ ਵੀ ਰਾਜਸੀ ਆਗੂਆਂ ਦੀ ਸ਼ਹਿ ਉੱਪਰ ਸਰਕਾਰੀ ਨੀਤੀਆਂ ਦਾ ਹਿੱਸਾ ਕਰਾਰ ਦਿੱਤਾ। ਇਸ ਰੋਸ ਮੁਜ਼ਾਹਰੇ ਵਿਚ ਕਿਸਾਨ ਟਰੈਕਟਰਾਂ ‘ਤੇ ਸਵਾਰ ਹੋ ਕੇ ਪੁੱਜੇ ਸਨ। ਇਸ ਮੌਕੇ ਵੱਡੀ ਗਿਣਤੀ ਪੁਲੀਸ ਅਮਲਾ ਮੌਜੂਦ ਸੀ।