ਅੰਮ੍ਰਿਤਸਰ, 11 ਸਤੰਬਰ

ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਇਥੇ ਕੇਂਦਰੀ ਜੇਲ੍ਹ ਦੇ ਬਾਹਰ ਧਰਨਾ ਦਿੱਤਾ ਹੈ ਅਤੇ 51 ਮੈਂਬਰੀ ਜਥੇ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਬੈਰੀਕੇਡ ਲਾਏ ਗਏ ਸਨ ਪਰ ਕਿਸਾਨਾਂ ਨੇ ਇਨ੍ਹਾਂ ਬੈਰੀਕੇਡਾਂ ਨੂੰ ਹਟਾ ਕੇ ਜੇਲ੍ਹ ਦੇ ਸਾਹਮਣੇ ਧਰਨਾ ਲਾ ਦਿੱਤਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਗ੍ਰਿਫਤਾਰੀ ਲਈ ਜਥੇ ਨੂੰ ਪੇਸ਼ ਕੀਤਾ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।ਉਨ੍ਹਾਂ ਆਖਿਆ ਕਿ ਚਾਰ ਦਿਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਹੈ ਅਤੇ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ ਪਰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਅੱਜ ਜੇਲ੍ਹ ਦੇ ਬਾਹਰ ਗ੍ਰਿਫਤਾਰੀ ਲਈ ਧਰਨਾ ਲਾਇਆ ਹੈ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।