ਨਵੀਂ ਦਿੱਲੀ, ਏਥਨਜ਼ ਓਲੰਘਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਰਾਜਵਰਧਨ ਸਿੰਘ ਰਾਠੌੜ ਨੂੰ ਵਿਜੈ ਗੋਇਲ ਦੀ ਥਾਂ ਖੇਡ ਮੰਤਰੀ ਬਣਾਇਆ ਗਿਆ ਹੈ। ਸ੍ਰੀ ਗੋਇਲ ਨੂੰ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 47 ਸਾਲਾ ਰਾਠੌੜ ਹੁਣ ਤੱਕ ਮੋਦੀ ਸਰਕਾਰ ’ਚ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸਨ।
ਕਰਨਲ ਰਾਠੌੜ ਨੇ ਸ਼ੂਟਿੰਗ ਰੇਂਜ ਵਿੱਚ ਪਹਿਲੀ ਵਾਰ ਪੈਰ 1990 ਵਿੱਚ ਧਰਿਆ ਸੀ ਅਤੇ ਕੁਝ ਸਾਲ ਬਾਅਦ ਉਹ ਓਲੰਪਿਕ ਵਿੱਚ ਵਿਕਅਤੀਗਤ ਤੌਰ ’ਤੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। 2004 ਏਥਨਜ਼ ਓਲੰਪਿਕ ਵਿੱਚ ਉਨ੍ਹਾਂ ਨੇ ਸ਼ੂਟਿੰਗ ਦੇ ਡਬਲ ਟਰੈਪ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਓਲੰਪਿਕ ਵਿੱਚ ਇਤਿਹਾਸ ਸਿਰਜਣ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਸਿਡਨੀ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ-2003 ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਫ਼ੌਜੀ ਪਰਿਵਾਰ ਵਿੱਚ ਜਨਮੇ ਸ੍ਰੀ ਰਾਠੌੜ ਨੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਇਮਤਿਹਾਨ ਪਾਸ ਕਰ ਕੇ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਈ ਤੇ ਇਸ ਦੌਰਾਨ ਉਨ੍ਹਾਂ ਨੇ ਦੋ ਸਾਲ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨਾਲ ਵੀ ਮੁਕਾਬਲੇ ਕੀਤੇ। ਉਨ੍ਹਾਂ ਦੀ ਮਾਂ ਦਾ ਮੰਨਣਾ ਹੈ ਕਿ ਫ਼ੌਜ ਦਾ ਤਜਰਬਾ ਰਾਠੌੜ ਦੇ ਓਲੰਪਿਕ ਵਿੱਚ ਤਗ਼ਮਾ ਹਾਸਲ ਕਰਨ ਵਿੱਚ ਸਹਾਈ ਹੋਇਆ। ਸ੍ਰੀ ਰਾਠੌੜ ਜੈਪੁਰ ਆਧਾਰਤ ‘9 ਗ੍ਰੇਨੇਡੀਅਰਜ਼’ ਨਾਲ ਸਬੰਧਤ ਹਨ ਤੇ ਉਨ੍ਹਾਂ ਦੇ ਪਿਤਾ ਸੇਵਾ ਮੁਕਤ ਕਰਨਲ ਲਕਸ਼ਮਣ ਸਿੰਘ ਰਾਠੌੜ ਨੇ ਵੀ ਕਿਸੇ ਵੇਲੇ ‘9 ਗ੍ਰੇਨੇਡੀਅਰਜ਼’ ਦੀ ਅਗਵਾਈ ਕੀਤੀ ਸੀ। ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਰਾਜਵਰਧਨ ਨੇ ਸੰਨ 2013 ਵਿੱਚ ਭਾਜਪਾ ਦਾ ਲੜ ਫੜਿਆ ਸੀ। ਮਈ 2014 ਵਿੱਚ ਮੋਦੀ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਸੂੁਚਨਾ ਤੇ ਪ੍ਰਸਾਰਣ ਰਾਜ ਮੰਤਰੀ ਬਣਾਇਆ ਗਿਆ ਸੀ।