ਸੰਗਰੂਰ, ਆਮ ਆਦਮੀ ਪਾਰਟੀ (ਆਪ) ਹੁਣ ਝਾੜੂ ਦੇ ਖਿੱਲਰੇ ਤੀਲੇ ਇਕੱਠੇ ਕਰਨ ਲਈ ਹੰਭਲਾ ਮਾਰੇਗੀ। ਖਹਿਰਾ ਧੜੇ ਵੱਲੋਂ ਵੱਖਰੇ ਤੌਰ ’ਤੇ ਕੀਤੀਆਂ ਜਾ ਰਹੀਆਂ ਵਾਲੰਟੀਅਰ ਕਨਵੈਨਸ਼ਨਾਂ ਦੇ ਮੁਕਾਬਲੇ ਹੁਣ ‘ਆਪ’ ਵੱਲੋਂ ਸੂਬਾ ਭਰ ਵਿੱਚ ‘ਪੰਜਾਬ ਜੋੜੋ’ ਦੇ ਬੈਨਰ ਹੇਠ ਸਤੰਬਰ ਵਿੱਚ 10 ਵੱਡੀਆਂ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਆਪਣੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ‘ਆਪ’ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਬਾਰੇ ਦੱਸਿਆ, ਜਿਸ ਦੀ ਸ਼ੁਰੂਆਤ 2 ਸਤੰਬਰ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਈਸਰਖਾਨਾ ਤੋਂ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਇਹ ਰੈਲੀਆਂ ਦੂਸ਼ਣਬਾਜ਼ੀ ਲਈ ਨਹੀਂ, ਬਲਕਿ ਪੰਜਾਬ ਦੇ ਭਖ਼ਦੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੁਖਪਾਲ ਸਿੰਘ ਖਹਿਰਾ ਇੱਕ ਪਾਸੇ ਪਾਰਟੀ ਦਾ ਨਾਮ ਵਰਤ ਰਹੇ ਹਨ, ਜਦੋਂਕਿ ਦੂਜੇ ਪਾਸੇ ਪਾਰਟੀ ਨੂੰ ਬਦਨਾਮ ਕਰਨ ’ਤੇ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਖਹਿਰਾ ਕੰਮ ਕਰ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਉਹ ਖ਼ੁਦ ਹੀ ਪਾਰਟੀ ’ਚੋਂ ਨਿਕਲਣ ਲਈ ਕਾਹਲੇ ਹਨ। ਸੰਗਰੂਰ ਮੀਟਿੰਗ ਵਿੱਚ ਹੋਏ ਹੰਗਾਮੇ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਜੇ ਕੋਈ ਪਾਰਟੀ ਵਿੱਚ ਆਵੇ ਤਾਂ ਮਾਨ ਲਿਆਇਆ ਹੈ, ਜੇ ਪਾਰਟੀ ’ਚੋਂ ਜਾਵੇ ਤਾਂ ਮਾਨ ਨੇ ਕਢਵਾਇਆ ਹੈ। ਖਹਿਰਾ ਵੱਲੋਂ ਪਾਰਟੀ ਲੀਡਰਸ਼ਿਪ ’ਤੇ ਵਿਧਾਨ ਸਭਾ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਸ੍ਰੀ ਖਹਿਰਾ ਹੀ ਦੱਸ ਦੇਣ ਕਿ ਉਨ੍ਹਾਂ ਨੇ ਭੁਲੱਥ ਹਲਕੇ ਦੀ ਟਿਕਟ ਕਿੰਨੇ ਵਿੱਚ ਖ਼ਰੀਦੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਦਾ ਮਾਮਲਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਕੋਲ ਹੈ, ਜਿਸ ਉਪਰ ਛੇਤੀ ਹੀ ਫ਼ੈਸਲਾ ਹੋ ਜਾਵੇਗਾ।
ਪਾਰਟੀ ਵੱਲੋਂ ਪੰਚਾਇਤ ਚੋਣਾਂ ਲੜਨ ਬਾਰੇ ਸ੍ਰੀ ਮਾਨ ਨੇ ਕਿਹਾ ਕਿ 2 ਸਤੰਬਰ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਜ਼ੋਨ ਇੰਚਾਰਜਾਂ ਦੀ ਮੀਟਿੰਗ ਸੰਗਰੂਰ ਵਿੱਚ ਬੁਲਾਈ ਗਈ ਹੈ, ਜਿਸ ਵਿੱਚ ਸਲਾਹ-ਮਸ਼ਵਰਾ ਕਰਕੇ ਪਾਰਟੀ ਵਿਧਾਇਕਾਂ ਦੀ ਰਾਇ ਨਾਲ ਫ਼ੈਸਲਾ ਲਿਆ ਜਾਵੇਗਾ। ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਬਾਦਲਾਂ ਅਤੇ ਸਾਬਕਾ ਡੀਜੀਪੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਬਾਦਲਾਂ ਨੂੰ ਬਚਾ ਰਹੇ ਹਨ। ਇਸ ਮੌਕੇ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਸਨ।