ਨਵੀਂ ਦਿੱਲੀ, 19 ਮਾਰਚ
ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਕਿ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਬੀਤੇ ਹਫ਼ਤੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਾਰੀ ਰੱਖ ਕੇ ਖਿਡਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਭਾਰਤੀ ਸਟਾਰ ਖਿਡਾਰਨ ਨੇ ਖੇਡ ਪ੍ਰਸ਼ਾਸਕਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਖਿਡਾਰੀਆਂ ਦੀ ਸੁਰੱਖਿਆ ਤੋਂ ਵੱਧ ਵਿੱਤੀ ਲਾਭ ਨੂੰ ਤਰਜੀਹ ਦਿੱਤੀ।
ਸਾਇਨਾ ਨੇ ਟਵੀਟ ਕੀਤਾ, ‘‘ਮੈਂ ਸਿਰਫ਼ ਇੱਕ ਗੱਲ ਸੋਚ ਸਕਦੀ ਹਾਂ ਕਿ ਖਿਡਾਰੀਆਂ ਦੀ ਸੁਰੱਖਿਆ ਅਤੇ ਭਾਵਨਾਵਾਂ ਨਾਲੋਂ ਵੱਧ ਵਿੱਤੀ ਹਿੱਤਾਂ ਨੂੰ ਤਵੱਜੋ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਆਲ ਇੰਗਲੈਂਡ ਓਪਨ-2020 ਨੂੰ ਜਾਰੀ ਰੱਖਣ ਦਾ ਕੋਈ ਹੋਰ ਕਾਰਨ ਨਹੀਂ ਸੀ।’’ 30 ਸਾਲ ਦੀ ਖਿਡਾਰਨ ਇਸ ਵੱਕਾਰੀ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚੋਂ ਹਾਰ ਕੇ ਬਾਹਰ ਹੋ ਗਈ ਸੀ। ਕਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਕਈ ਖੇਡ ਮੁਕਾਬਲੇ ਜਾਂ ਤਾਂ ਮੁਲਤਵੀ ਹੋ ਗਏ ਸਨ, ਜਾਂ ਰੱਦ ਕਰ ਦਿੱਤੇ ਗਏ ਸਨ, ਪਰ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਜਾਰੀ ਰੱਖਿਆ ਗਿਆ ਸੀ। ਇਸ ਟੂਰਨਾਮੈਂਟ ਦੇ ਖ਼ਤਮ ਹੋਣ ਮਗਰੋਂ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਡਬਲਯੂਬੀਐੱਫ) ਨੇ ਆਪਣੇ ਸਾਰੇ ਮੁਕਾਬਲਿਆਂ ’ਤੇ ਰੋਕ ਲਾ ਦਿੱਤੀ ਸੀ।