ਮੁਹਾਲੀ/ ਪਟਿਆਲਾ, 22 ਜੁਲਾਈ
ਸਮਾਜ ਸੇਵੀ ਸੰਥਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਵਿਦੇਸ਼ੀ ਦੇਸ਼ਾਂ ਵਿੱਚ ਫਸੇ ਲੋੜਵੰਦ ਪਰਵਾਸੀ ਭਾਰਤੀਆਂ ਜਿਨ੍ਹਾਂ ਵਿੱਚ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ, ਨੂੰ ਵਾਪਸ ਲੈ ਕੇ ਆਉਣ ਵਿਸ਼ੇਸ਼ ਫਲਾਈਟ ਅੱਜ ਬਾਅਦ ਦੁਪਹਿਰ 2.40 ਵਜੇ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਉੱਤਰੇਗੀ। ਪਹਿਲਾਂ ਇਹ ਫਲਾਈਟ ਸਵੇਰੇ ਆਉਣੀ ਸੀ ਪਰ ਅਚਾਨਕ ਫਲਾਈਟ ਰੱਦ ਹੋਣ ਦੀ ਸੂਚਨਾ ਆ ਗਈ। ਟਰੱਸਟ ਦੇ ਚੇਅਰਮੈਨ ਡਾ ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਇਸ ਫਲਾਈਟ ਵਿੱਚ 177 ਯਾਤਰੀ ਆ ਰਹੇ ਹਨ, ਜਿਨ੍ਹਾਂ ਵਿੱਚ 157 ਪੰਜਾਬੀ, 16 ਹਿਮਾਚਲ ਪ੍ਰਦੇਸ਼ ਅਤੇ 4 ਜੰਮੂ ਕਸ਼ਮੀਰ ਨਾਲ ਸਬੰਧਤ ਹਨ। ਮੁਹਾਲੀ ਏਅਰਪੋਰਟ ਥਾਣਾ ਦੇ ਐੱਸਐੱਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਬਾਹਰਲੇ ਮੁਲਕਾਂ ਤੋਂ ਆਉਣ ਸਾਰੇ ਮੁਸਾਫਰਾਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਸਮੇਤ ਹੋਰ ਨਿਯਮਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ।