ਮੁੰਬਈ, 3 ਜੂਨ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਜੂਨ ਮਹੀਨੇ ਨੇ ਉਸ ਦੀ ਜ਼ਿੰਦਗੀ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਥਕਾਵਟ ਅਤੇ ਅਸ਼ਾਂਤ ਭਾਵਨਾਵਾਂ ਦੇ ਮੁਕਾਬਲੇ ਖੁਸ਼ੀਆਂ ਅਤੇ ਨਵੇਂ ਵਿਚਾਰਾਂ ਦੀ ਸ਼ੁਰੂਆਤ ਕੀਤੀ ਹੈ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਹੋਰ ਕੌਣ-ਕੌਣ ਖੁਸ਼ੀਆਂ, ਚਮਕਦਾਰ ਸੋਚ ਅਤੇ ਨਵੇਂ ਵਿਚਾਰਾਂ ਦੇ ਅਚਾਨਕ ਪ੍ਰਭਾਵ ਨਾਲ ਜੂਨ ਦੀ ਸ਼ੁਰੂਆਤ ਕਰ ਰਿਹਾ ਹੈ? ਅਪਰੈਲ ਅਤੇ ਮਈ ਮਹੀਨੇ ਦੌਰਾਨ ਮੈਂ ਥੱਕੀ ਅਤੇ ਅਸ਼ਾਂਤ ਮਹਿਸੂਸ ਕਰ ਕਰ ਰਹੀ ਸੀ, ਜਿਸ ਵਿੱਚ ਹੁਣ ਵੱਡਾ ਬਦਲਾਅ ਆਇਆ ਹੈ। ਮੈਨੂੰ ਉਮੀਦ ਹੈ ਕਿ ਇਹ ਚਮਕਦਾਰ ਭਾਵਨਾ ਕਾਇਮ ਰਹੇਗੀ।’’ ਹਾਲ ਹੀ ਵਿੱਚ ਕੋਵਿਡ-19 ਤੋਂ ਠੀਕ ਹੋਈ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਕੰਗਨਾ ਆਪਣੀ ਮਾਂ ਨੂੰ ਜੱਫ਼ੀ ਪਾਈ, ਭੈਣ ਰੰਗੋਲੀ ਅਤੇ ਭਾਣਜੇ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਂਦੀ ਦਿਖਾਈ ਦੇ ਰਹੀ ਹੈ। ਕੰਗਨਾ ਨੇ ਤਸਵੀਰਾਂ ਨਾਲ ਕੈਪਸ਼ਨ ਵਿੱਚ ਲਿਖਿਆ ਕਿ ਕਰੋਨਾ ਕਾਰਨ ਇਕਾਂਤਵਾਸ ਵਿੱਚ ਰਹਿਣਾ ਕਾਫ਼ੀ ਮੁਸ਼ਕਲ ਰਿਹਾ ਹੈ। ਉਸ ਨੇ ਲਿਖਿਆ ਕਿ ਉਹ ਮਨਾਲੀ ਵਿੱਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲ ਕੇ ਬੇਹੱਦ ਖ਼ੁਸ਼ ਹੈ ਅਤੇ ਜਲਦੀ ਹੀ ਆਪਣੀ ਦਾਦੀ ਨੂੰ ਮਿਲਣ ਲਈ ਮੰਡੀ ਜਾ ਰਹੀ ਹੈ।