ਮੈਲਬਰਨ, 31 ਜਨਵਰੀ
ਗ਼ੈਰ-ਦਰਜਾ ਪ੍ਰਾਪਤ ਗਾਰਬਾਈਨ ਮੁਗੁਰੂਜ਼ਾ ਨੇ ਦੋਵਾਂ ਸੈੱਟਾਂ ਵਿੱਚ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੂੰ ਹਰਾ ਕੇ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ ਸੋਫੀਆ ਕੇਨਿਨ ਨਾਲ ਹੋਵੇਗਾ। ਕੇਨਿਨ ਨੇ ਉਲਟਫੇਰ ਕਰਦਿਆਂ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਐਸ਼ਲੇ ਬਾਰਟੀ ਨੂੰ ਹਰਾ ਕੇ ਟੂਰਨਾਮੈਂਟ ’ਚੋਂ ਬਾਹਰ ਦਾ ਰਸਤ ਵਿਖਾ ਦਿੱਤਾ। ਸਪੇਨ ਦੀ ਦੋ ਵਾਰ ਦੀ ਗਰੈਂਡ ਸਲੈਮ ਜੇਤੂ ਮੁਗੁਰੂਜ਼ਾ ਨੇ ਰੋਡ ਲੀਵਰ ਏਰੇਨਾ ਵਿੱਚ ਹਾਲੇਪ ’ਤੇ 7-6 (10/8), 7-5 ਨਾਲ ਜਿੱਤ ਦਰਜ ਕੀਤੀ। ਉਸ ਨੇ ਪਹਿਲੀ ਵਾਰ ਮੈਲਬਰਨ ਵਿੱਚ ਫਾਈਨਲ ’ਚ ਥਾਂ ਪੱਕੀ ਕੀਤੀ ਹੈ। ਪਿਛਲੇ ਸੈਸ਼ਨ ਵਿੱਚ ਖ਼ਰਾਬ ਲੈਅ ਨਾਲ ਜੂਝਣ ਵਾਲੀ 26 ਸਾਲ ਦੀ ਮੁਗੁਰੂਜ਼ਾ ਸਾਲ 2010 ਵਿੱਚ ਬੈਲਜੀਅਮ ਦੀ ਜਸਟਿਨ ਹੇਨਿਨ ਮਗਰੋਂ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਗ਼ੈਰ-ਦਰਜਾ ਪ੍ਰਾਪਤ ਖਿਡਾਰਨ ਹੈ। ਦੁਨੀਆਂ ਦੀ ਸਾਬਕਾ ਅੱਵਲ ਨੰਬਰ ਅਤੇ ਹੁਣ 32ਵੇਂ ਨੰਬਰ ਦੀ ਖਿਡਾਰਨ ਮੁਗੁਰੂਜ਼ਾ ਨੇ ਕਿਹਾ, ‘‘ਫਾਈਨਲ ਵਿੱਚ ਥਾਂ ਬਣਾ ਕੇ ਕਾਫ਼ੀ ਉਤਸ਼ਾਹਿਤ ਹਾਂ ਅਤੇ ਮੈਂ ਸ਼ਨਿੱਚਰਵਾਰ ਨੂੰ ਇੱਕ ਮੈਚ ਹੋਰ ਖੇਡਣਾ ਹੈ।’’ ਦੂਜੇ ਪਾਸੇ ਬਾਰਟੀ ਨੇ 1978 ਮਗਰੋਂ ਅਸਟਰੇਲੀਅਨ ਓਪਨ ਵਿੱਚ ਪਹਿਲਾ ਆਸਟਰੇਲਿਆਈ ਜੇਤੂ ਬਣਨ ਦੀ ਉਮੀਦ ਵਧਾ ਦਿੱਤੀ ਸੀ, ਪਰ ਹਰੇਕ ਸੈੱਟ ਵਿੱਚ ਦੋ ਸੈੱਟ ਅੰਕ ਬਚਾਉਣ ਵਾਲੀ 14ਵਾਂ ਦਰਜਾ ਪ੍ਰਾਪਤ ਕੇਨਿਨ ਨੇ ਉਸ ਨੂੰ 7-6 (8/6), 7-5 ਨਾਲ ਹਰਾ ਦਿੱਤਾ। ਮਾਸਕੋ ਦੀ ਜੰਮਪਲ 21 ਸਾਲ ਦੀ ਕੇਨਿਨ ਨੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਕੇਨਿਨ ਨੇ ਜਿੱਤ ਦਰਜ ਕਰਨ ਮਗਰੋਂ ਕਿਹਾ, ‘‘ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ, ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਯਕੀਨ ਨਹੀਂ ਆ ਰਿਹਾ। ਜਦੋਂ ਮੈਂ ਪੰਜ ਸਾਲ ਦੀ ਸੀ, ਉਦੋਂ ਤੋਂ ਮੈਂ ਇਸ ਮੁਕਾਮ ’ਤੇ ਪੁੱਜਣ ਦਾ ਸੁਫ਼ਨਾ ਦੇਖਿਆ ਹੋਇਆ ਹੈ… ਇੱਥੋਂ ਤੱਕ ਪਹੁੰਚਣ ਲਈ ਮੈਂ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।’’