ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਆਪਣਿਆਂ (ਪਾਰਟੀ ’ਚੋਂ ਬਾਗ਼ੀ ਹੋਏ ਵਿਧਾਇਕਾਂ) ਨੂੰ ਪਲੋਸ ਕੇ ਪਾਰਟੀ ਵਿਚ ਏਕਾ ਕਾਇਮ ਕਰਨ ਵਿਚ ਇਕ ਵਾਰ ਫੇਰ ਅਸਫ਼ਲ ਰਹੀ ਹੈ। ਇਸ ਕਾਰਨ ਪਾਰਟੀ ਨੂੰ ਲੋਕ ਸਭਾ ਚੋਣਾਂ ਟੁੱਟ-ਭੱਜ ਵਿਚ ਹੀ ਲੜ ਕੇ ਬੁੱਤਾ ਸਾਰਨਾ ਪੈ ਸਕਦਾ ਹੈ।
ਸੂਤਰਾਂ ਅਨੁਸਾਰ ਪਾਰਟੀ ਵਿਚੋਂ ਬਾਗ਼ੀ ਹੋਏ 7 ਵਿਧਾਇਕਾਂ ਵਿਚੋਂ 5 ਵਿਧਾਇਕਾਂ ਨਾਲ ਲੰਘੇ ਸਮੇਂ ‘ਆਪ’ ਦੀ ਲੀਡਰਸ਼ਿਪ ਨੇ ਪਾਰਟੀ ਵਿਚ ਏਕਤਾ ਲਿਆਉਣ ਲਈ ਗੱਲਬਾਤ ਕੀਤੀ ਸੀ। ਦੱਸਣਯੋਗ ਹੈ ਕਿ ਪਾਰਟੀ ਦੇ ਦੋ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਤਾਂ ਪੰਜਾਬ ਏਕਤਾ ਪਾਰਟੀ ਬਣਾ ਕੇ ਬਠਿੰਡਾ ਅਤੇ ਫਰੀਦਕੋਟ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਤਰ੍ਹਾਂ ਉਹ ਪਾਰਟੀ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕੇ ਹਨ। ਦੂਸਰੇ ਪਾਸੇ ਬਾਕੀ 5 ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ ਅਤੇ ਜਗਦੇਵ ਸਿੰਘ ਕਮਾਲੂ ਹਾਲੇ ਵਿਚ-ਵਿਚਾਲੇ ਹੀ ਹਨ। ਇਹ ਪੰਜ ਵਿਧਾਇਕ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਪਾਰਟੀ ਜਾਂ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫ਼ੇ ਨਹੀਂ ਦੇਣਗੇ ਅਤੇ ਆਪੋ-ਆਪਣੇ ਹਲਕਿਆਂ ਦੀ ਜ਼ਿੰਮੇਵਾਰੀ ਨਿਭਾਉਣਗੇ। ਸੂਤਰਾਂ ਅਨੁਸਾਰ ਪਾਰਟੀ ਦੇ ਕੁਝ ਵਿਧਾਇਕਾਂ ਨੇ ਵਿਚੋਲਗੀ ਕਰ ਕੇ ਬਾਗ਼ੀ ਵਿਧਾਇਕਾਂ ਨਾਲ ਇਕੱਠੇ ਹੋਣ ਦੀ ਗੱਲ ਚਲਾਈ ਸੀ। ਹਾਲਾਂਕਿ ਗੱਲ ਸੰਜੀਦਗੀ ਨਾਲ ਸ਼ੁਰੂ ਹੋਈ, ਪਰ ਖਹਿਰਾ ਦਾ ਨਾਂ ਆਉਣ ’ਤੇ ਇਹ ਅੱਗੇ ਨਹੀਂ ਵੱਧ ਸਕੀ। ਪਾਰਟੀ ਆਗੂਆਂ ਦਾ ਸਾਫ਼ ਕਹਿਣਾ ਸੀ ਕਿ ਹੁਣ ਖਹਿਰਾ ਦੀ ਪਾਰਟੀ ਵਿਚ ਕੋਈ ਥਾਂ ਨਹੀਂ ਹੈ ਤੇ ਸਾਰੇ ਦਰਵਾਜ਼ੇ ਸਦਾ ਲਈ ਬੰਦ ਹਨ। ਦੂਸਰੇ ਪਾਸੇ ਬਾਗੀਆਂ ਨੇ ਵੀ ਇਸ ਮੁੱਦੇ ਉੱਤੇ ਸਾਫ਼ ਕਹਿ ਦਿੱਤਾ ਹੈ ਕਿ ਇਸ ਵੇਲੇ ਉਹ ਸੁਖਪਾਲ ਖਹਿਰਾ ਨੂੰ ਇਕੱਲਿਆਂ ਛੱਡ ਕੇ ਵਾਪਸ ਪਾਰਟੀ ਵਿਚ ਨਹੀਂ ਆ ਸਕਦੇ।
ਸੂਤਰਾਂ ਅਨੁਸਾਰ ਹਾਲੇ ਗੱਲਬਾਤ ਇਸ ਦੌਰ ਵਿਚ ਪੁੱਜੀ ਹੀ ਨਹੀਂ ਸੀ ਕਿ ਬਾਗੀ ਵਿਧਾਇਕ ਕਿਸ ਰੂਪ ਅਤੇ ਕਿਹੜੀਆਂ ਸ਼ਰਤਾਂ ਨਾਲ ਵਾਪਸ ਆਉਣਗੇ, ਪਰ ਇਸ ਤੋਂ ਪਹਿਲਾਂ ਹੀ ਸ੍ਰੀ ਖਹਿਰਾ ਦੇ ਮੁੱਦੇ ਨੂੰ ਹੀ ਲੈ ਕੇ ਖ਼ਲਾਅ ਪੈਦਾ ਹੋ ਗਿਆ। ਵੇਰਵਿਆਂ ਮੁਤਾਬਕ ਬਾਗੀਆਂ ਦੇ ਪਾਰਟੀ ਵਿਚ ਆਉਣ ਦੀ ਸੂਰਤ ਇਨ੍ਹਾਂ ਨੂੰ ਕੋਰ ਕਮੇਟੀ ਦੇ ਮੈਂਬਰ ਵਜੋਂ ਲੈਣਾ ਤੈਅ ਸੀ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਹੋਰ ਢਾਹ-ਭੰਨ ਵੀ ਹੋ ਸਕਦੀ ਸੀ। ਬਾਗੀ ਵਿਧਾਇਕਾਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਸੰਪਰਕ ਕਰਨ ’ਤੇ ਪੁਸ਼ਟੀ ਕੀਤੀ ਉਨ੍ਹਾਂ ਗੱਲਬਾਤ ਚਲਾਈ ਸੀ। ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਵੱਡੇ ਆਗੂਆਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਾਰਟੀ ਦਾ ਕੋਈ ਵੀ ਨੇਤਾ ਖਹਿਰਾ ਦੀ ਪਾਰਟੀ ਵਿਚ ਵਾਪਸੀ ਉੱਪਰ ਸਹਿਮਤ ਨਹੀਂ ਹੈ ਜਦਕਿ ਬਾਗੀ ਵਿਧਾਇਕਾਂ ਦੀ ਸ਼ਰਤ ਹੈ ਕਿ ਖਹਿਰਾ ਨੂੰ ਵੀ ਪਾਰਟੀ ਵਿਚ ਸ਼ਾਮਲ ਕਰਨ ਦੀ ਸਹਿਮਤੀ ਹੋਣ ’ਤੇ ਹੀ ਏਕੇ ਦੀ ਗੱਲ ਚੱਲ ਸਕਦੀ ਹੈ। ਸ੍ਰੀ ਹੇਅਰ ਨੇ ਦੱਸਿਆ ਕਿ ਇਹ ਮੁੱਦਾ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰਾਂ ਨੇ ਵੀ ਵਿਚਾਰਿਆ ਸੀ ਪਰ ਸਾਰਿਆਂ ਨੇ ਖਹਿਰਾ ਨੂੰ ਪਾਰਟੀ ਵਿਚ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ। ਬਾਗੀ ਧੜੇ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਪਾਰਟੀ ਦੇ ਆਗੂਆਂ ਨਾਲ ਏਕਤਾ ਲਈ ਹੋਈ ਗੱਲਬਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਾਰਟੀ ਦੇ ਆਗੂ ਸ੍ਰੀ ਖਹਿਰਾ ਨੂੰ ਵਾਪਸ ਪਾਰਟੀ ਵਿਚ ਲੈਣ ਦੇ ਵਿਰੁੱਧ ਸਨ, ਪਰ ਉਹ ਇਸ ਸਥਿਤੀ ਵਿਚ ਖਹਿਰਾ ਨੂੰ ਛੱਡ ਕੇ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕਦੇ। ਹਾਲਾਂਕਿ ਉਨ੍ਹਾਂ ਏਕੇ ਦੇ ਪੱਖ ਵਿਚ ਹਾਮੀ ਭਰੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਸ੍ਰੀ ਖਹਿਰਾ ਨੂੰ ਵੀ ਪਾਰਟੀ ਵਿਚ ਸ਼ਾਮਲ ਹੋ ਕੇ ਇਕੱਠੇ ਹੋਣ ਲਈ ਤਿਆਰ ਕਰ ਲਿਆ ਸੀ।