ਚੰਡੀਗੜ੍ਹ, 28 ਨਵੰਬਰ
ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਅੱਜ ਇਕ ਆਡੀਓ ਸੀ.ਡੀ. ਜਾਰੀ ਕਰ ਕੇ ਦਾਅਵਾ ਕੀਤਾ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕਿਸੇ ਵਿਰੋਧੀ ਤਾਕਤ ਨੇ ਵੱਡੀ ਸਾਜ਼ਿਸ਼ ਤਹਿਤ ਨਸ਼ਿਆਂ ਦੇ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਹੈ। ਬੈਂਸ ਭਰਾਵਾਂ ਨੇ ਦਾਅਵਾ ਕੀਤਾ ਕਿ ਇਸ ਸੀ.ਡੀ. ਵਿੱਚ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਅਮਿਤ ਚੌਧਰੀ ਇਕ ਬਰਖਾਸਤ ਪੀਸੀਐਸ ਅਧਿਕਾਰੀ ਟੀ.ਕੇ. ਗੋਇਲ ਨਾਲ ਗੱਲਬਾਤ ਕਰ ਰਹੇ ਹਨ, ਜਿਸ ਵਿੱਚ ਸ੍ਰੀ ਚੌਧਰੀ ਦਾਅਵਾ ਕਰ ਰਹੇ ਹਨ ਕਿ ਸ੍ਰੀ ਖਹਿਰਾ ਦੀ ਨਜ਼ਰਸਾਨੀ ਪਟੀਸ਼ਨ ਰੱਦ ਕਰਵਾਉਣ ਲਈ ਕੁੱਝ ਬੰਦਿਆਂ ਨੇ ਪਹੁੰਚ ਕੀਤੀ ਸੀ ਅਤੇ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ। ਆਡੀਓ ਵਿੱਚ ਹੋਰ ਵੀ ਕਾਫ਼ੀ ਕੁਝ ਕਿਹਾ ਗਿਆ। ਬੈਂਸ ਭਰਾਵਾਂ ਨੇ ਆਡੀਓ ਸੀ.ਡੀ. ਦੀ ਸੱਚਾਈ ਦਾ ਭਾਵੇਂ ਕੋਈ ਪੱਕਾ ਸਬੂਤ ਨਹੀਂ ਦਿੱਤਾ ਪਰ ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਬਤ ਉਨ੍ਹਾਂ ਕੋਲ ਵੀਡੀਓ ਵੀ ਹੈ ਅਤੇ ਢੁਕਵੇਂ ਸਮੇਂ ਉਹ ਵੀ ਜੱਗ-ਜ਼ਾਹਰ ਕਰ ਦੇਣਗੇ। ਸਿਮਰਜੀਤ ਬੈਂਸ ਨੇ ਇਸ ਮਾਮਲੇ ਦੀ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਸ਼ਾਮ ਬੈਂਸ ਭਰਾਵਾਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਸੁਖਪਾਲ ਖਹਿਰਾ ਸਮੇਤ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਮਿਲ ਕੇ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ। ਸ੍ਰੀ ਬੈਂਸ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਮਿਲ ਕੇ ਇਸ ਮੁੱਦੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਕਹਿਣਗੇ ਅਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਇਸ ਆਡੀਓ ਦਾ ਮੁੱਦਾ ਉਠਾ ਕੇ ਸ੍ਰੀ ਖਹਿਰਾ ਵਿਰੁੱਧ ਘੜੀ ਸਾਜ਼ਿਸ਼ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ ਤਾਂ ਉਹ ਇਸ ਆਡੀਓ ਬਾਰੇ ਪੂਰੇ ਸਬੂਤ ਵੀ ਅਧਿਕਾਰੀਆਂ ਅੱਗੇ ਰੱਖਣਗੇ, ਜਿਸ ਤਹਿਤ ਇਸ ਆਡੀਓ ਵਿਚਲੇ ਦੋਵੇਂ ਵਿਅਕਤੀਆਂ ਦੀ ਗੱਲਬਾਤ ਦਾ ਸਥਾਨ, ਸਮਾਂ, ਵੀਡੀਓ ਅਤੇ ਕਈ ਹੋਰ ਸਬੂਤ ਮੁਹੱਈਆ ਕੀਤੇ ਜਾਣਗੇ।
ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਡਰੱਗ ਮਾਮਲੇ ਵਿੱਚੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਅਤੇ ਸ੍ਰੀ ਖਹਿਰਾ ਨੂੰ ਉਲਝਾਉਣ ਲਈ ਵੱਡੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਪਰ ਵੀ ਸਿਆਸੀ ਵਾਰ ਕੀਤੇ। ਬੈਂਸ ਭਰਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਹ ਮਾਮਲਾ ਸੀਬੀਆਈ ਹਵਾਲੇ ਕਰਨ ਦੀ ਹਿੰਮਤ ਦਿਖਾਈ ਜਾਵੇ। ਦੂਜੇ ਪਾਸੇ ਕੈਪਟਨ ਨੇ ਬਾਅਦ ਵਿੱਚ ਇਸ ਬਾਰੇ ਕਿਹਾ ਕਿ ਇਹ ਮਾਮਲਾ ਅਦਾਲਤ ਨਾਲ ਜੁੜਿਆ ਹੈ, ਇਸ ਲਈ ਸ੍ਰੀ ਬੈਂਸ ਤੇ ਸ੍ਰੀ ਖਹਿਰਾ ਨੂੰ ਅਦਾਲਤ ਤੱਕ ਪਹੁੰਚ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਫਾਜ਼ਿਲਕਾ ਦੀ ਇਕ ਅਦਾਲਤ ਨੇ ਪਿਛਲੇ ਸਮੇਂ ਨਸ਼ਿਆਂ ਦੇ ਇਕ ਮਾਮਲੇ ਵਿੱਚ ਧਾਰਾ 319 ਤਹਿਤ ਸ੍ਰੀ ਖਹਿਰਾ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਅਤੇ ਸ੍ਰੀ ਖਹਿਰਾ ਵੱਲੋਂ ਹੇਠਲੀ ਅਦਾਲਤ ਦੀ ਇਹ ਪ੍ਰਕਿਰਿਆ ਰੋਕਣ ਲਈ ਪੰਜਾਬ ਹਾਈ ਕੋਰਟ ਵਿੱਚ ਨਜ਼ਰਸਾਨੀ ਪਟੀਸ਼ਨ ਪਾਈ ਗਈ। ਹਾਈ ਕੋਰਟ ਨੇ ਸ੍ਰੀ ਖਹਿਰਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟਾਂ ਨੂੰ ਤਾਂ ਰੱਦ ਕਰ ਦਿੱਤਾ ਪਰ ਹੇਠਲੀ ਅਦਾਲਤ ਦੀ ਪ੍ਰਕਿਰਿਆ ਉਪਰ ਰੋਕ ਨਹੀਂ ਲਾਈ। ਇਸ ਦੌਰਾਨ ਸ੍ਰੀ ਖਹਿਰਾ ਨੇ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਹੈਰਾਨੀਜਨਕ ਗੱਲ ਇਹ ਹੈ ਕਿ ਬੈਂਸ ਭਰਾਵਾਂ ਵੱਲੋਂ ਆਡੀਓ ਜਾਰੀ ਕਰਨ ਮੌਕੇ ਆਮ ਆਦਮੀ ਪਾਰਟੀ (ਆਪ) ਦਾ ਕੋਈ ਨੇਤਾ ਅਤੇ ਵਿਧਾਇਕ ਮੌਜੂਦ ਨਹੀਂ ਸੀ।
ਦੂਜੇ ਪਾਸੇ ਅਮਿਤ ਚੌਧਰੀ ਨੇ ਕਿਹਾ ਕਿ ਇਹ ਆਡੀਓ ਘੜੀ ਘੜਾਈ ਜਾਪਦੀ ਹੈ ਅਤੇ ਸ੍ਰੀ ਖਹਿਰਾ ਦੇ ਮਾਮਲੇ ਨਾਲ ਉਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੋਇਲ ਉਨ੍ਹਾਂ ਕੋਲ ਇਕ ਕੇਸ ਬਾਰੇ ਜ਼ਰੂਰ ਆਏ ਸਨ ਪਰ ਅਜਿਹੀ ਕੋਈ ਗੱਲ ਨਹੀਂ ਹੋਈ।

ਸਟਿੰਗ: ਬੈਂਸ ਸਮਰਥਕਾਂ ਖ਼ਿਲਾਫ਼ ਕੇਸ ਦਰਜ 
ਲੁਧਿਆਣਾ: ਪਟਵਾਰੀ ਦੇ ਦਫ਼ਤਰ ਵਿੱਚ ਉਸ ਦੇ ਕਰਿੰਦੇ ਵੱਲੋਂ ਕਥਿਤ ਪੈਸੇ ਲੈਣ ਦਾ ਸਟਿੰਗ ਅਪਰੇਸ਼ਨ ਕਰ ਕੇ ਵੀਡੀਓ ਫੇਸਬੁੱਕ ’ਤੇ ਪਾਉਣ ਦੇ ਮਾਮਲੇ ਵਿੱਚ ਪਟਵਾਰੀਆਂ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ। ਅੱਜ ਥਾਣਾ ਸਦਰ ਦੀ ਪੁਲੀਸ ਨੇ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਦੀ ਸ਼ਿਕਾਇਤ ’ਤੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਵਿਧਾਇਕ ਬੈਂਸ ਦਾ ਨਾਮ ਵੀ ਸੀ, ਪਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਨਹੀਂ ਹੋਇਆ ਹੈ।