ਪਿੰਡ ਦੇ ਟੋਭੇ ਨੇ ਕਦੀ ਕਾਫ਼ੀ ਥਾਂ ਘੇਰੀ ਹੁੰਦੀ ਸੀ। ਇਸ ਟੋਭੇ ਦੀ ਖ਼ਾਸੀਅਤ ਇਹ ਸੀ ਕਿ ਇਸ ਵਿੱਚ ਹੋਰ ਜਲ ਜੀਵਾਂ ਸਮੇਤ ਕੱਛੂਕੁੰਮੇ ਵੱਡੀ ਗਿਣਤੀ ਵਿੱਚ ਰਹਿੰਦੇ ਸਨ। ਬਜ਼ੁਰਗ ਤਾਂ ਇਹ ਵੀ ਕਹਿੰਦੇ ਹੁੰਦੇ ਸਨ ਕਿ ਇਸ ਟੋਭੇ ਵਿੱਚ ਕੱਛੂਕੁੰਮਿਆਂ ਦੀ ਗਿਣਤੀ ਪੰਜ ਹਜ਼ਾਰ ਦੇ ਨੇੜੇ ਤੇੜੇ ਸੀ। ਪਿੰਡ ਦੇ ਜੁਆਕ ਜਦੋਂ ਵਿਹਲੇ ਹੁੰਦੇ ਤਾਂ ਟੋਭੇ ਕੰਢੇ ਪਹੁੰਚ ਜਾਂਦੇ। ਕੱਛੂਕੁੰਮਿਆਂ ਦੀਆਂ ਹਰਕਤਾਂ ਦੇਖਦੇ ਰਹਿੰਦੇ। ਸੋਟੀ ਲੈ ਕੇ ਉਨ੍ਹਾਂ ਦੀਆਂ ਖੋਪੜੀਆਂ ਨਾਲ ਛੇੜ ਛਾੜ ਕਰਦੇ। ਕੱਛੂਕੁੰਮੇ ਤੁਰੰਤ ਹਿੱਲਣਾ ਜੁਲਣਾ ਬੰਦ ਕਰ ਦਿੰਦੇ ਅਤੇ ਸਿਰੀਆਂ ਨੂੰ ਖੋਪੜੀਆਂ ਅੰਦਰ ਵਾੜ ਲੈਂਦੇ। ਉਹ ਪਿੰਡ ਦੇ ’ਕੱਲੇ ’ਕੱਲੇ ਜੁਆਕ ਦਾ ਸੁਭਾਅ ਜਾਣਦੇ ਸਨ। ਜੁਆਕ ਨਿੱਤ ਨਵੀਂ ਸ਼ਰਾਰਤ ਕਰਦੇ। ਕੱਛੂਕੁੰਮੇ ਵੀ ਟੱਸ ਤੋਂ ਮੱਸ ਨਾ ਹੁੰਦੇ।
ਗਗਨ ਰੋਜ਼ ਰਾਤ ਨੂੰ ਆਪਣੇ ਪਾਪਾ ਨਾਲ ਕੱਛੂਕੁੰਮਿਆਂ ਬਾਰੇ ਗੱਲਾਂ ਕਰਦਾ। “ਪਾਪਾ! ਇਨ੍ਹਾਂ ਦੀ ਖੋਪੜੀ ਕਿੰਨੀ ਕੁ ਸਖ਼ਤ ਹੁੰਦੀ ਹੈ?”
“ਕਾਫ਼ੀ ਕਠੋਰ ਹੁੰਦੀ ਹੈ।”
“ਸੋਟੀ ਮਾਰਨ ਨਾਲ ਟੁੱਟ ਜਾਵੇਗੀ?”
“ਤੂੰ ਸੋਟੀ ਕਹਿੰਨਾ, ਇਹ ਤਾਂ ਤਲਵਾਰ ਮਾਰਨ ਨਾਲ ਵੀ ਨਹੀਂ ਟੁੱਟਦੀ।” ਗਗਨ ਬੜੀ ਹੈਰਾਨੀ ਨਾਲ ਆਪਣੇ ਪਾਪਾ ਦੇ ਮੂੰਹ ਵੱਲ ਦੇਖਣ ਲੱਗਦਾ ਅਤੇ ਕਹਿੰਦਾ, “ਬੜਾ ਅਜੀਬ ਜੀਵ ਹੁੰਦਾ ਏ ਕੱਛੂਕੁੰਮਾ।” ਉਸ ਦਾ ਪਾਪਾ ਉਸ ਨੂੰ ਪੁੱਛਦਾ, “ਤੈਨੂੰ ਪਤਾ ਇਹ ਰਹਿੰਦਾ ਕਿੱਥੇ ਹੈ?”
“ਟੋਭੇ ਵਿੱਚ ਹੀ ਰਹਿੰਦਾ ਹੋਣਾ।”
“ਅੱਧਾ ਸਮਾਂ ਕੱਛੂਕੁੰਮਾ ਪਾਣੀ ਵਿੱਚ ਅਤੇ ਅੱਧਾ ਸਮਾਂ ਧਰਤੀ ’ਤੇ ਰਹਿੰਦਾ।”
“ਕਦੀ ਦੇਖਿਆ ਤਾਂ ਹੈ ਨਹੀਂ।”
“ਮਾਦਾ ਕੱਛੂਕੁੰਮਾ ਪਾਣੀ ਕੰਢੇ ਟੋਆ ਪੁੱਟ ਕੇ ਆਂਡੇ ਦਿੰਦੀ ਹੈ। ਆਂਡੇ ਜਦੋਂ ਨਿੱਕੇ ਨਿੱਕੇ ਕੱਛੂਕੁੰਮੇ ਬਣ ਜਾਂਦੇ ਹਨ। ਉਹ ਬੱਚਿਆਂ ਨੂੰ ਪਾਣੀ ਅੰਦਰ ਲੈ ਜਾਂਦੀ ਹੈ।”
“ਪਾਪਾ ਤੁਹਾਨੂੰ ਲੱਗਦਾ ਕਿ ਇਸ ਟੋਭੇ ਵਿੱਚ ਕਦੀ ਐਨੇ ਕੱਛੂਕੁੰਮੇ ਰਹਿੰਦੇ ਹੋਣਗੇ।?”
“ਗਗਨ! ਬਜ਼ੁਰਗ ਤਾਂ ਸਾਰੇ ਹੀ ਇਹੀ ਕਹਿੰਦੇ ਸਨ।” ਪਾਪਾ ਨੇ ਕਿਹਾ। ਉਸ ਨੂੰ ਟੋਭੇ ਨਾਲ ਜੁੜੀ ਇੱਕ ਗੱਲ ਚੇਤੇ ਆ ਗਈ ਸੀ। ਉਹ ਗਗਨ ਨੂੰ ਸੁਣਾਉਣ ਲੱਗ ਪਿਆ :
“ਇੱਕ ਵਾਰੀ ਕਿੰਨੇ ਸਾਰੇ ਅੰਗਰੇਜ਼ ਆਪਣੇ ਪਿੰਡ ਦੇ ਟੋਭੇ ਨੂੰ ਦੇਖਣ ਆਏ ਸਨ। ਘੰਟਾ ਭਰ ਵੀਡੀਓ ਬਣਾਈ ਗਏ। ਫੋਟੋਆਂ ਖਿੱਚੀ ਗਏ। ਕਹਿੰਦੇ ਸਨ, ਇਹ ਵੀਡੀਓ ਤੇ ਫੋਟੋਆਂ ਉਹ ਬਾਹਰਲੇ ਮੁਲਕ ਦੇ ਲੋਕਾਂ ਨੂੰ ਦਿਖਾਉਣਗੇ।”
“ਅੰਗਰੇਜ਼ ਤਾਂ ਹੈਰਾਨ ਹੁੰਦੇ ਹੋਣਗੇ, ਕੱਛੂਕੁੰਮਿਆਂ ਨੂੰ ਦੇਖ ਕੇ। ਪਾਪਾ! ਹੋਰ ਦੱਸੋ ਕੁਝ ਅੰਗਰੇਜ਼ਾਂ ਬਾਰੇ।” ਗਗਨ ਨੇ ਕਿਹਾ। “ਅੰਗਰੇਜ਼ ਤਰ੍ਹਾਂ ਤਰ੍ਹਾਂ ਦੇ ਮੂੰਹ ਬਣਾਉਂਦੇ ਸਨ, ਬਾਹਾਂ ਮੋਢੇ ਹਿਲਾਉਂਦੇ, ਬਸ! ਵਾਓ ਵਾਓ ਕਰੀ ਜਾਂਦੇ ਸਨ। ਮੈਨੂੰ ਤਾਂ ਉਨ੍ਹਾਂ ਦੀ ਕੋਈ ਗੱਲ ਪੱਲੇ ਨਹੀਂ ਸੀ ਪੈਂਦੀ। ਹਾਂ ਇੱਕ ਗੱਲ ਮੈਨੂੰ ਚੇਤੇ ਹੈ ਕਿ ਉਹ ਕੱਛੂਕੁੰਮਿਆਂ ਨੂੰ ‘ਟਰਟਲ’ ‘ਟਰਟਲ’ ਬੋਲੀ ਜਾਂਦੇ ਸਨ।”
“ਆਵਾਜ਼ ਕੱਢਦੇ ਹੋਣਗੇ ਕੱਛੂਕੁੰਮਿਆਂ ਦੀਆਂ।” ਗਗਨ ਨੇ ਲੱਖਣ ਲਾਇਆ। “ਆਪਣੀ ਬੋਲੀ ਵਿੱਚ ਉਹ ਕੱਛੂਕੁੰਮੇ ਦਾ ਨਾਂ ਲੈਂਦੇ ਹੋਣਗੇ।” ਪਾਪਾ ਨੇ ਅੰਦਾਜ਼ਾ ਲਾਉਂਦਿਆਂ ਕਿਹਾ। ਆਪਣੀ ਗੱਲ ਜਾਰੀ ਰੱਖਦਿਆਂ ਉਹ ਬੋਲਿਆ, “ਫੇਰ ਤੇਰੇ ਦਾਦਾ ਜੀ ਨੇ ਅਲਮਾਰੀ ਵਿੱਚੋਂ ਡਿਕਸ਼ਨਰੀ ਕੱਢ ਕੇ ‘ਟਰਟਲ’ ਦਾ ਅਰਥ ਲੱਭਿਆ।”
“ਕੀ ਦੱਸਿਆ ਦਾਦਾ ਜੀ ਨੇ।”
“ਉਹ ਕਹਿੰਦੇ ਕੱਛੂਕੁੰਮੇ ਨੂੰ ਅੰਗਰੇਜ਼ੀ ਵਿੱਚ ‘ਟਰਟਲ’ ਜਾਂ ‘ਟੌਰਟਾਇਸ’ ਕਿਹਾ ਜਾਂਦਾ।”
“ਚੱਲੋ ਪਾਪਾ ਹੋਰ ਗੱਲਾਂ ਦੱਸੋ ਟੋਭੇ ਦੀਆਂ।”
“ਪਹਿਲਾਂ ਇਸ ਟੋਭੇ ਵਿੱਚ ਬਹੁਤ ਪਾਣੀ ਹੁੰਦਾ ਸੀ। ਲੋਕ ਟੋਭੇ ਨੂੰ ਕਦੀ ਸੁੱਕਣ ਨਹੀਂ ਸੀ ਦਿੰਦੇ। ਸਮਾਂ ਬੀਤਣ ’ਤੇ ਇਹ ਟੋਭਾ ਮੱਖੀਆਂ-ਮੱਛਰਾਂ ਦਾ ਅੱਡਾ ਬਣ ਗਿਆ ਅਤੇ ਲੋਕਾਂ ਦਾ ਸਾਂਝਾ ਕੂੜਾਦਾਨ।”
“ਗੰਦਗੀ ਫੈਲਾਉਣਾ ਤਾਂ ਲੋਕਾਂ ਦਾ ਸੁਭਾਅ ਹੀ ਬਣ ਗਿਆ ਲੱਗਦਾ।” ਗਗਨ ਅੱਭੜਵਾਹੇ ਬੋਲਿਆ। ਫਿਰ ਇੱਕ ਦਿਨ ਪੰਜ ਛੇ ਮੋਟੀਆਂ ਐਨਕਾਂ ਵਾਲੇ ਵਿਗਿਆਨੀ ਇਸ ਟੋਭੇ ਨੂੰ ਦੇਖਣ ਆਏ। ਉਹ ਟੋਭੇ ਦੀ ਹਾਲਤ ਦੇਖ ਕੇ ਬੜੇ ਦੁਖੀ ਹੋਏ। ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਇਸ ਟੋਭੇ ਵਿਚਲੇ ਹਜ਼ਾਰਾਂ ਕੱਛੂਕੁੰਮੇ ਮਰੇ ਨਹੀਂ। ਉਹ ਸਮਾਧੀ ਲਾ ਕੇ ਥੱਲੜੀ ਧਰਤੀ ’ਤੇ ਚਲੇ ਗਏ ਸਨ। ਵਿਗਿਆਨੀ ਪਿੰਡ ਦੇ ਸਰਪੰਚ ਨੂੰ ਸਰਕਾਰ ਦੀ ਇੱਕ ਚਿੱਠੀ ਦੇਣ ਦੇ ਨਾਲ ਹੀ ਮੀਟਿੰਗ ਵੀ ਕਰਨ ਆਏ ਸਨ। ਉਸੇ ਦਿਨ ਸ਼ਾਮੀਂ ਮੀਟਿੰਗ ਰੱਖ ਲਈ ਗਈ ਸੀ। ਪਿੰਡ ਦੇ ਉਤਸ਼ਾਹੀ ਮੁੰਡੇ ਜੋ ਵਾਤਾਵਰਨ ਅਤੇ ਜੀਵ ਸੁਰੱਖਿਆ ਪ੍ਰਤੀ ਫਿਕਰਮੰਦ ਸਨ, ਉਹ ਵੀ ਮੀਟਿੰਗ ਵਿੱਚ ਸੱਦੇ ਗਏ ਸਨ। ਫੇਸਬੁੱਕ ਤੇ ‘ਕੱਛੂਕੁੰਮਿਆਂ ਵਾਲਾ ਟੋਭਾ’ ਨਾਂ ’ਤੇ ਪੇਜ ਬਣਾਇਆ ਗਿਆ। ਰਾਤੋ-ਰਾਤ ਪੇਜ ਨੂੰ ਸੈਂਕੜੇ ਲੋਕਾਂ ਨੇ ਪਸੰਦ ਕੀਤਾ। ਵਿਦੇਸ਼ਾਂ ਵਿੱਚ ਬੈਠੇ ਪਿੰਡ ਦੇ ਲੋਕਾਂ ਨੇ ਮਦਦ ਕਰਨ ਦਾ ਹੁੰਗਾਰਾ ਭਰਿਆ ਸੀ। ਜੀਵ ਵਿਗਿਆਨੀ ਹਿਮਾਂਸ਼ੂ ਜੋਸ਼ੀ ਨੇ ਮੀਟਿੰਗ ਦਾ ਉਦੇਸ਼ ਸਮਝਾਇਆ ਅਤੇ ਦੱਸਿਆ ਕਿ ਇਸ ਟੋਭੇ ਬਾਰੇ ਆਪਣੇ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਸ਼ਵ ਭਰ ਦੇ ਖੋਜ ਰਸਾਲਿਆਂ ਵਿੱਚ ਕਿੰਨੇ ਹੀ ਲੇਖ ਪ੍ਰਕਾਸ਼ਿਤ ਹੁੰਦੇ ਰਹੇ ਹਨ। ਪਿੰਡ ਚਾਹੇ ਕੁਝ ਵੀ ਸਮਝੇ, ਇਸ ਟੋਭੇ ਅਤੇ ਕੱਛੂਕੁੰਮਿਆਂ ਦੀ ਇਤਿਹਾਸਕ ਮਹੱਤਤਾ ਹੈ। ਉਸ ਨੇ ਸਰਕਾਰ ਵੱਲੋਂ ਤਿਆਰ ਕੀਤੀ ਯੋਜਨਾ ਦੀ ਚਿੱਠੀ ਸਾਰਿਆਂ ਨੂੰ ਪੜ੍ਹ ਕੇ ਸੁਣਾਈ। ਟੋਭੇ ਦੀ ਪੁਨਰ ਸੁਰਜੀਤੀ ਲਈ ਸਰਕਾਰ ਵੱਲੋਂ ਗਰਾਂਟ ਦਾ ਚੈੱਕ ਵੀ ਭੇਜਿਆ ਜਾਣਾ ਸੀ। ਆਖਰ ਸਲਾਹ ਮਸ਼ਵਰਾ ਸ਼ੁਰੂ ਹੋਇਆ। ਸੁਝਾਅ ਆਉਣ ਲੱਗੇ। ਪਹਿਲਾਂ ਤਾਂ ਇੱਥੋਂ ਕੂੜਾ ਚੁੱਕ ਕੇ ਟੋਭੇ ਨੂੰ ਪਾਣੀ ਨਾਲ ਭਰਨ ਦਾ ਫ਼ੈਸਲਾ ਕੀਤਾ ਗਿਆ। ਟੋਭੇ, ਵਿੱਚ ਪਾਣੀ ਭਰਿਆ ਰੱਖਣ ਲਈ ਪਾਣੀ ਦੇ ਟੈਂਕਰ ਖ਼ਰੀਦਣ ਦਾ ਫ਼ੈਸਲਾ ਕੀਤਾ ਗਿਆ। ਇਸ ਦਾ ਖ਼ਰਚਾ ਪੰਚਾਇਤ ਮੈਂਬਰਾਂ, ਪਿੰਡ ਦੇ ਮੁਹਤਬਰਾਂ ਅਤੇ ਪਿੰਡ ਦੇ ਵਿਦੇਸ਼ ਵੱਸਦੇ ਲੋਕਾਂ ਨੇ ਚੁੱਕਣ ਲਈ ਹੁੰਗਾਰਾ ਭਰਿਆ ਸੀ। ਵਿਗਿਆਨੀ ਤਾਂ ਮੀਟਿੰਗ ਕਰਕੇ ਚਲੇ ਗਏ। ਦਿਨ ਲੰਘੇ ਪੰਜ ਲੱਖ ਦੀ ਗਰਾਂਟ ਵੀ ਆ ਗਈ। ਕੰਮ ਜ਼ੋਰ-ਸ਼ੋਰ ਨਾਲ ਹੋਣ ਲੱਗਾ। ਯੋਜਨਾ ਹਕੀਕਤ ਵਿੱਚ ਬਦਲਣ ਲੱਗੀ। ਲੋਕਾਂ ਨੇ ਟਰਾਲੀਆਂ ਨਾਲ ਟੋਭੇ ਦਾ ਕੂੜਾ ਬਾਹਰ ਕੱਢ ਦਿੱਤਾ ਸੀ। ਹੁਣ ਕੂੜਾ ਸੁੱਟਣ ਵਾਲੇ ਨੂੰ ‘ਜੁਰਮਾਨੇ ਦਾ ਬੋਰਡ’ ਟੋਭੇ ਦੇ ਇੱਕ ਕੋਨੇ ’ਤੇ ਲਗਾ ਦਿੱਤਾ ਗਿਆ ਸੀ। ਫੇਰ ਲੋਕਾਂ ਨੇ ਮੋਟਰਾਂ ਟਿਊਬਵੈਲ ਚਲਾ ਦਿੱਤੇ ਤਾਂ ਕਿਤੇ ਟੋਭਾ ਭਰਿਆ। ਦਿਨ ਪਾ ਕੇ ਟੋਭੇ ਦੁਆਲੇ ਪੱਕੀ ਚਾਰ-ਦੀਵਾਰੀ ਬਣਾ ਦਿੱਤੀ ਗਈ। ਚਾਰ-ਦੀਵਾਰੀ ਦੇ ਨਾਲ ਨਾਲ ਗੁਲਮੋਹਰ, ਅਮਲਤਾਸ, ਟਾਹਲੀਆਂ ਦੇ ਪੌਦੇ ਦਿਨਾਂ ਵਿੱਚ ਰੁੱਖ ਬਣ ਗਏ। ਸਮਾਧੀ ਲਾ ਕੇ ਥੱਲੜੀ ਧਰਤੀ ’ਤੇ ਗਏ ਕੱਛੂਕੁੰਮੇ ਫਿਰ ਵਾਪਸ ਆਏ। ਟੋਭੇ ਵਿੱਚ ਜਲ ਜੀਵਾਂ ਦੀ ਫਿਰ ਤੋਂ ਚੋਹਲ ਮੋਹਲ ਹੋਣ ਲੱਗੀ। ਹੁਣ ਉਹ ਆਮ ਟੋਭਾ ਨਹੀਂ ਸੀ ਰਿਹਾ। ਉਹ ‘ਟਰਟਲ ਹੈਬੀਟੈਟ’ ਬਣ ਗਿਆ ਸੀ। ਜਾਣੀ ਕਿ ਪੰਜ ਸੌ ਸਾਲ ਪੁਰਾਤਨ ‘ਕੱਛੂਕੁੰਮਿਆਂ ਦੀ ਰਿਹਾਇਸ਼ਗਾਹ।’