ਨਵੀਂ ਦਿੱਲੀ, 23 ਮਾਰਚ

ਅੱਜ ਐਲਾਨੇ ਗਏ 67ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵਿੱਚ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸਰਵੋਤਮ ਅਦਾਕਾਰਾ ਦਾ ਖ਼ਿਤਾਬ ਦਿੱਤਾ ਗਿਆ ਹੈ। ਉਸ ਨੂੰ ਇਹ ਐਵਾਰਡ ਫਿਲਮ ‘ਮਨੀਕਰਨਿਕਾ’ ਤੇ ‘ਪੰਗਾ’ ਵਿੱਚ ਨਿਭਾਏ ਗਏ ਕਿਰਦਾਰਾਂ ਲਈ ਦਿੱਤਾ ਗਿਆ ਹੈ। ਇਸੇ ਦੌਰਾਨ ਮਨੋਜ ਬਾਜਪਾਈ ਨੂੰ ‘ਭੌਂਸਲੇ’ ਤੇ ਧਨੁਸ਼ ਨੂੰ ‘ਅਸੁਰਨ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਦਿੱਤਾ ਗਿਆ। ਨਿਰਦੇਸ਼ਕ ਪ੍ਰਿਆਦਰਸ਼ਨ ਦੀ ਮਲਿਆਲਮ ਫਿਲਮ ‘ਮਰੱਕਰ: ਅਰਬਿਕਾਦਾਲਿੰਤੇ ਸਿਮਹਮ’ ਨੂੰ ਸਰਵੋਤਮ ਫੀਚਰ ਫਿਲਮ ਅਤੇ ਸੰਜੈ ਪੂੁਰਨ ਸਿੰਘ ਚੌਹਾਨ ਨੂੰ ਹਿੰਦੀ ਫਿਲਮ ‘ਬਹੱਤਰ ਹੂਰੇਂ’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ ਹੈ।
ਰਾਸ਼ਟਰੀ ਫਿਲਮ ਐਵਾਰਡ ਚੋਣ ਕਮੇਟੀ ਦੇ ਮੁਖੀ ਫਿਲਮਕਾਰ ਐੱਨ ਚੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਫਿਲਮਾਂ ਨੂੰ ਐਵਾਰਡ ਦੇਣ ਦਾ ਫ਼ੈਸਲਾ ਭਗਵਾਨ ਦੇ ਤੌਰ ’ਤੇ ਨਹੀਂ, ਸਗੋਂ ਮਾਪਿਆਂ ਵਜੋਂ ਲਿਆ ਹੈ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਛਿਛੋਰੇ’ ਨੂੰ ਸਰਵੋਤਮ ਹਿੰਦੀ ਫਿਲਮ ਦੇ ਐਵਾਰਡ ਲਈ ਚੁਣਿਆ ਗਿਆ ਹੈ। ਸਮਾਜਿਕ ਮੁੱਦਿਆਂ ’ਤੇ ਫਿਲਮਾਂ ਦੀ ਸ਼੍ਰੇਣੀ ਵਿੱਚ ਮਰਾਠੀ ਫਿਲਮ ‘ਆਨੰਦੀ ਗੋਪਾਲ’ ਨੂੰ ਸਰਵੋਤਮ ਫਿਲਮ ਦਾ ਐਵਾਰਡ ਦਿੱਤਾ ਗਿਆ। ਮਨੋਰੰਜਕ ਫਿਲਮ ਦੀ ਸ਼੍ਰੇਣੀ ਵਿੱਚ ਸਰਵੋਤਮ ਫਿਲਮ ਦਾ ਐਵਾਰਡ ਤੇਲਗੂ ਫਿਲਮ ‘ਮਹਾਰਸ਼ੀ’ ਤੇ ਪਹਿਲੀ ਫਿਲਮ ਦਾ ‘ਇੰਦਰਾ ਗਾਂਧੀ ਪੁਸਰਕਾਰ’ ਮਲਿਆਲੀ ਫਿਲਮ ‘ਹੈਲੇਨ’ ਨੂੰ ਦਿੱਤਾ ਗਿਆ।