ਅਲ ਵਕਰਾਹ, 6 ਦਸੰਬਰ
ਕ੍ਰੋਏਸ਼ੀਆ ਅੱਜ ਇੱਥੇ ਜਾਪਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਰਾਹੀਂ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਡੈਜ਼ਨ ਮਾਇਦਾ ਨੇ ਪਹਿਲੇ ਹਾਫ ਤੋਂ ਠੀਕ ਪਹਿਲਾਂ ਸ਼ਾਰਟ ਕਾਰਨਰ ਤੋਂ ਗੋਲ ਕਰ ਕੇ ਜਾਪਾਨ ਨੂੰ ਲੀਡ ਦਿਵਾਈ। ਥੋੜ੍ਹਾਂ ਸਮਾਂ ਬਾਅਦ ਹੀ ਇਵਾਨ ਪੈਰਿਸਿਚ ਨੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਨਿਰਧਾਰਤ 90 ਮਿੰਟ ਮਗਰੋਂ ਦੋ ਵਾਰ ਵਾਧੂ ਸਮੇਂ ’ਚ ਵੀ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ। ਇਸ ਮਗਰੋਂ ਪੈਨਲਟੀ ਸ਼ੂਟਆਊਟ ਰਾਹੀਂ ਮੈਚ ਦਾ ਫ਼ੈਸਲਾ ਹੋਇਆ।
ਇਸ ਤੋਂ ਪਹਿਲਾਂ ਜਾਪਾਨ ਦੀ ਟੀਮ ਗਰੁੱਪ ‘ਈ’ ਵਿੱਚ ਇੱਕ ਹਾਰ ਅਤੇ ਦੋ ਮੁਕਾਬਲੇ ਜਿੱਤ ਕੇ ਕੁੱਲ ਛੇ ਅੰਕਾਂ ਨਾਲ ਪਹਿਲੇ ਸਥਾਨ ’ਤੇ ਜਦਕਿ ਕ੍ਰੋਏਸ਼ੀਆ ਗਰੁੱਪ ‘ਐੱਫ’ ਵਿੱਚ ਪੰਜ ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਕੁਆਰਟਰ ਫਾਈਨਲ ਵਿੱਚ ਕ੍ਰੋਏਸ਼ੀਆ ਦਾ ਮੁਕਾਬਲਾ ਬ੍ਰਾਜ਼ੀਲ ਤੇ ਦੱਖਣੀ ਕੋਰੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।